ਨਵੀਂ ਦਿੱਲੀ: ਕਾਂਗਰਸ ਵੱਲੋਂ ਦਿਖਾਈ ਗਈ ਤਾਕਤ ਨੂੰ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ’ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਦਾ ਦੋਸ਼ ਲਾਉਂਦਿਆਂ ਭਾਜਪਾ ਨੇ ਕਿਹਾ ਕਿ ਉਨ੍ਹਾਂ ਦੇ ਆਗੂ ਭ੍ਰਿਸ਼ਟਾਚਾਰ ਦੀ ਹਮਾਇਤ ਅਤੇ ਗਾਂਧੀ ਪਰਿਵਾਰ ਦੀ 2 ਹਜ਼ਾਰ ਕਰੋੜ ਰੁਪਏ ਦੀ ਕਥਿਤ ਸੰਪਤੀ ਦੀ ਰਾਖੀ ਲਈ ਅੱਜ ਸੜਕਾਂ ’ਤੇ ਉਤਰੇ ਹਨ। ਭਾਜਪਾ ਆਗੂ ਅਤੇ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਦਾਅਵਾ ਕੀਤਾ ਕਿ ਰਾਹੁਲ ਗਾਂਧੀ ਸਮੇਤ ਕੋਈ ਵੀ ਕਾਨੂੰਨ ਤੋਂ ਉਪਰ ਨਹੀਂ ਹੈ। ਉਨ੍ਹਾਂ ਕਿਹਾ ਕਿ ਇਕ ਸਿਆਸੀ ਪਰਿਵਾਰ ਵੱਲੋਂ ਜਾਂਚ ਏਜੰਸੀ ਨੂੰ ਘੇਰੇ ਜਾਣ ਦੀ ਅਜਿਹੀ ਪਹਿਲਾਂ ਕੋਈ ਕੋਸ਼ਿਸ਼ ਨਹੀਂ ਹੋਈ ਸੀ। ਕਾਂਗਰਸ ਆਗੂ ਰਾਹੁਲ ਗਾਂਧੀ ਦੇ ਅੱਜ ਈਡੀ ਅੱਗੇ ਪੇਸ਼ ਹੋਣ ਸਮੇਂ ਦਿੱਲੀ ਸਮੇਤ ਪੂਰੇ ਦੇਸ਼ ’ਚ ਪਾਰਟੀ ਵਰਕਰਾਂ ਵੱਲੋਂ ਕੀਤੇ ਗਏ ਪ੍ਰਦਰਸ਼ਨਾਂ ’ਤੇ ਭਾਜਪਾ ਆਗੂ ਨੇ ਉਕਤ ਟਿੱਪਣੀਆਂ ਕੀਤੀਆਂ ਹਨ। ਇਰਾਨੀ ਨੇ ਪ੍ਰੈੱਸ ਕਾਨਫਰੰਸ ਕਰਕੇ ਇਹ ਦਾਅਵਾ ਵੀ ਕੀਤਾ ਕਿ ਕਾਂਗਰਸ ਨੇ ਆਪਣੇ ਸੀਨੀਅਰ ਪਾਰਟੀ ਆਗੂਆਂ ਨੂੰ ਦਿੱਲੀ ’ਚ ਪ੍ਰਦਰਸ਼ਨ ਕਰਨ ਲਈ ਤਲਬ ਕੀਤਾ ਕਿਉਂਕਿ ਪਰਿਵਾਰ ਦਾ ਭ੍ਰਿਸ਼ਟਾਚਾਰ ਫੜਿਆ ਗਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਗਾਂਧੀ ਪਰਿਵਾਰ ਨੇ ਯੰਗ ਇੰਡੀਅਨ ਕੰਪਨੀ ਬਣਾ ਕੇ ਐਸੋਸੀਏਟਿਡ ਜਰਨਲਜ਼ ਲਿਮਟਿਡ, ਜੋ ਨੈਸ਼ਨਲ ਹੈਰਾਲਡ ਅਖ਼ਬਾਰ ਪ੍ਰਕਾਸ਼ਿਤ ਕਰਦੀ ਹੈ, ਦੇ 2 ਹਜ਼ਾਰ ਕਰੋੜ ਰੁਪਏ ਦੇ ਅਸਾਸੇ ਹਥਿਆਏ ਹਨ। ਗਾਂਧੀ ਪਰਿਵਾਰ ’ਤੇ ਵਰ੍ਹਦਿਆਂ ਉਨ੍ਹਾਂ ਕਿਹਾ ਕਿ ਇੰਜ ਜਾਪਦਾ ਹੈ ਕਿ ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਦਾ ਪਤੀ ਰੌਬਰਟ ਵਾਡਰਾ ਹੀ ਇਕੱਲਾ ਮੈਂਬਰ ਨਹੀਂ ਹੈ ਜਿਸ ਦੀ ਰੀਅਲ ਅਸਟੇਟ ’ਚ ਦਿਲਚਸਪੀ ਹੈ। -ਪੀਟੀਆਈ