ਨਵੀਂ ਦਿੱਲੀ, 3 ਅਗਸਤ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸੋਸ਼ਲ ਮੀਡੀਆ ਪਲੈਟਫਾਰਮਾਂ ’ਤੇ ‘ਤਿਰੰਗਾ’ ਲਾਉਣ ਦੀ ਕੀਤੀ ਅਪੀਲ ਮਗਰੋਂ ਕਾਂਗਰਸ ਪਾਰਟੀ, ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਸਣੇ ਹੋਰ ਪਾਰਟੀ ਆਗੂਆਂ ਨੇ ਅੱਜ ਸੋਸ਼ਲ ਮੀਡੀਆ ਪਲੈਟਫਾਰਮਾਂ ਉੱਤੇ ਆਪਣੇ ਪ੍ਰੋਫਾਈਲ ’ਤੇ ਕੌਮੀ ਝੰਡੇ ਨਾਲ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੀ ਤਸਵੀਰ ਵੀ ਲਗਾਈ ਹੈ। ਪ੍ਰਧਾਨ ਮੰਤਰੀ ਮੋਦੀ ਦੇ ਬਿਆਨ ’ਤੇ ਚੁਟਕੀ ਲੈਂਦਿਆਂ ਕਾਂਗਰਸ ਦੇ ਸੀਨੀਅਰ ਆਗੂ ਜੈਰਾਮ ਰਮੇਸ਼ ਨੇ ਪੁੱਛਿਆ ਕਿ ਨਾਗਪੁਰ ਵਿੱਚ 52 ਸਾਲਾਂ ਤੋਂ ਆਪਣੇ ਹੈੱਡਕੁਆਰਟਰ ’ਤੇ ਕੌਮੀ ਝੰਡਾ ਨਾ ਲਹਿਰਾਉਣ ਵਾਲੀ ਸੰਸਥਾ ਕੀ ‘ਤਿਰੰਗੇ’ ਨੂੰ ਸੋਸ਼ਲ ਮੀਡੀਆ ਅਕਾਊਂਟ ’ਤੇ ਪ੍ਰੋਫਾਈਲ ਤਸਵੀਰ ਵਜੋਂ ਲਾਉਣ ਦੇ ਉਨ੍ਹਾਂ ਦੇ ਸੁਨੇਹੇ ਦੀ ਪਾਲਣਾ ਕਰੇਗੀ। ਇਸੇ ਦੌਰਾਨ ਭਾਜਪਾ ਦੇ ਕੌਮੀ ਬੁਲਾਰੇ ਸੰਬਿਤ ਪਾਤਰਾ ਨੇ ਕਿਹਾ ਕਿ ਰਾਹੁਲ ਗਾਂਧੀ ਨੂੰ ਆਪਣੇ ਪਰਿਵਾਰ ਤੋਂ ਉਪਰ ਉੱਠਣਾ ਚਾਹੀਦਾ ਹੈ ਅਤੇ ਪਾਰਟੀ ਮੈਂਬਰਾਂ ਨੂੰ ਆਪਣੀ ਪ੍ਰੋਫਾਈਲ ’ਤੇ ‘ਤਿਰੰਗਾ’ ਲਾਉਣ ਦੀ ਇਜਾਜ਼ਤ ਦੇਣੀ ਚਾਹੀਦੀ ਹੈ। -ਪੀਟੀਆਈ