ਨਵੀਂ ਦਿੱਲੀ, 24 ਅਪਰੈਲ
ਜੀਐੱਸਟੀ ਤਹਿਤ ਦਰਾਂ ਦੀ ਰੈਸ਼ੇਨਲਾਈਜ਼ੇਸ਼ਨ ਦੀ ਕੇਂਦਰ ਸਰਕਾਰ ਵੱਲੋਂ ਰੱਖੀ ਤਜਵੀਜ਼ ਦੀ ਕਾਂਗਰਸ ਨੇ ਨਿਖੇਧੀ ਕੀਤੀ ਹੈ। ਇਸ ਤਜਵੀਜ਼ ਮਾਲੀਆ ਵਧਾਉਣ ਲਈ ਰੱਖੀ ਗਈ ਹੈ। ਕਾਂਗਰਸ ਨੇ ਦੋਸ਼ ਲਾਇਆ ਕਿ ਭਾਜਪਾ ਲੋਕਾਂ ਨਾਲ, ਖਾਸ ਕਰ ਕੇ ਮੱਧਵਰਗ ਨਾਲ ‘ਧੋਖਾਧੜੀ ਤੇ ਬੇਈਮਾਨੀ’ ਕਰ ਰਹੀ ਹੈ। ਇਕ ਮੀਡੀਆ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਕੇਂਦਰ ਸਰਕਾਰ ਅਧੀਨ ਆਉਂਦੀ ਜੀਐੱਸਟੀ ਕੌਂਸਲ ਨੇ 143 ਵਸਤਾਂ ’ਤੇ ਦਰਾਂ ਵਧਾਉਣ ਲਈ ਸੂਬਿਆਂ ਨੂੰ ਪੱਤਰ ਲਿਖ ਕੇ ਰਾਇ ਮੰਗੀ ਹੈ। ਇਨ੍ਹਾਂ 143 ਵਸਤਾਂ ਵਿਚੋਂ 92 ਪ੍ਰਤੀਸ਼ਤ ਅਜਿਹੀਆਂ ਹਨ ਜਿਨ੍ਹਾਂ ਨੂੰ 18 ਪ੍ਰਤੀਸ਼ਤ ਟੈਕਸ ਸਲੈਬ ’ਚੋਂ ਕੱਢ ਕੇ 28 ਪ੍ਰਤੀਸ਼ਤ ਵਿਚ ਲਿਆਉਣ ਦੀ ਤਜਵੀਜ਼ ਹੈ। ਇਸ ਮੁੱਦੇ ’ਤੇ ਸਰਕਾਰ ਨੂੰ ਘੇਰਦਿਆਂ ਕਾਂਗਰਸ ਦੇ ਬੁਲਾਰੇ ਅਭਿਸ਼ੇਕ ਮਨੂੰ ਸਿੰਘਵੀ ਨੇ ਕਿਹਾ ਕਿ ਇਸ ਨਾਲ ਤਾਂ ਆਮ ਨਾਗਰਿਕ ਹੋਰ ਬੋਝ ਹੇਠ ਦੱਬੇ ਜਾਣਗੇ। ਮੱਧਵਰਗ ਦਾ ਹੋਰ ਨੁਕਸਾਨ ਹੋਵੇਗਾ ਜਿਸ ਨੂੰ ਅਕਸਰ ਸਾਰਿਆਂ ਵੱਲੋਂ ਭੁਲਾ ਦਿੱਤਾ ਜਾਂਦਾ ਹੈ। ਕਾਂਗਰਸ ਆਗੂ ਨੇ ਕਿਹਾ ਕਿ ਇਨ੍ਹਾਂ ਵਸਤਾਂ ਵਿਚ ਗੁੜ, ਪਾਪੜ, ਬੈਗ, ਸੂਟਕੇਸ, ਕਲਰ ਟੀਵੀ, ਅਖ਼ਰੋਟ, ਚਾਕਲੇਟ ਤੇ ਕਸਟਰਡ ਪਾਊਡਰ ਆਦਿ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਵਸਤਾਂ ਨੂੰ ਸਭ ਤੋਂ ਉੱਚੀਆਂ ਦਰਾਂ ਵਿਚ ਪਾਉਣ ਦਾ ਕੋਈ ਕਾਰਨ ਨਜ਼ਰ ਨਹੀਂ ਆ ਰਿਹਾ। ਸਿੰਘਵੀ ਨੇ ਕਿਹਾ ਕਿ ਪਹਿਲਾਂ ਹੀ ਲੋਕ ਮਹਿੰਗਾਈ ਕਾਰਨ ਪ੍ਰੇਸ਼ਾਨ ਹਨ ਤੇ ਹੁਣ ਜੀਐੱਸਟੀ ਦਰਾਂ ਵਿਚ ਰੱਖੀ ਇਹ ਤਜਵੀਜ਼ ਹੋਰ ਬੋਝ ਪਾਵੇਗੀ। -ਪੀਟੀਆਈ