ਨਵੀਂ ਦਿੱਲੀ, 20 ਜੂਨ
ਕੇਂਦਰ ਸਰਕਾਰ ਦੀ ਅਗਨੀਪਥ ਯੋਜਨਾ ਤੇ ਐੱਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਰਾਹੁਲ ਗਾਂਧੀ ਤੋਂ ਕੀਤੀ ਗਈ ਪੁਛ-ਪੜਤਾਲ ਖ਼ਿਲਾਫ਼ ਅੱਜ ਕਾਂਗਰਸ ਨੇ ਇੱਥੇ ਸੱਤਿਆਗ੍ਰਹਿ ਕੀਤਾ। ਪਾਰਟੀ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਨਵੀਂ ਫੌਜੀ ਭਰਤੀ ਯੋਜਨਾ ਦੇ ਨਾਂ ’ਤੇ ਨੌਜਵਾਨਾਂ ਨੂੰ ਧੋਖਾ ਦੇ ਰਹੀ ਹੈ ਅਤੇ ਕਾਂਗਰਸ ਦੇ ਸਾਬਕਾ ਪ੍ਰਧਾਨ ਖ਼ਿਲਾਫ਼ ਬਦਲਾਲਊ ਸਿਆਸਤ ਕਰ ਰਹੀ ਹੈ।
ਇਸ ਰੋਸ ਮੁਜ਼ਾਹਰੇ ’ਚ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ, ਲੋਕ ਸਭਾ ’ਚ ਪਾਰਟੀ ਦੇ ਆਗੂ ਅਧੀਰ ਰੰਜਨ ਚੌਧਰੀ, ਸੀਨੀਅਰ ਆਗੂ ਸਚਿਨ ਪਾਇਲਟ, ਸਲਮਾਨ ਖੁਰਸ਼ੀਦ, ਮਲਿਕਾਰਜੁਨ ਖੜਗੇ ਤੇ ਕੇਸੀ ਵੇਣੂਗੋਪਾਲ ਤੋਂ ਇਲਾਵਾ ਪੰਜ ਸੌ ਤੋਂ ਵੱਧ ਪਾਰਟੀ ਵਰਕਰ ਸ਼ਾਮਲ ਸਨ। ਜੰਤਰ-ਮੰਤਰ ’ਤੇ ਦਿੱਤੇ ਗਏ ਧਰਨੇ ਨੂੰ ਸੰਬੋਧਨ ਕਰਦਿਆਂ ਅਸ਼ੋਕ ਗਹਿਲੋਤ ਨੇ ਕਿਹਾ ਕਿ ਸਰਕਾਰ ਕਾਲਾ ਧਨ ਵਾਪਸ ਲਿਆਉਣ ਤੇ ਨੌਕਰੀਆਂ ਦੇਣ ਦੇ ਵਾਅਦੇ ਕਰਦੀ ਹੈ ਪਰ ਅਸਲ ਵਿੱਚ ਕੁਝ ਨਹੀਂ ਕਰਦੀ। ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਮੰਗ ਕੀਤੀ ਕਿ ਅਗਨੀਪਥ ਯੋਜਨਾ ਵਾਪਸ ਲਈ ਜਾਵੇ। ਉਨ੍ਹਾਂ ਦੋਸ਼ ਲਾਇਆ ਕਿ ਕੇਂਦਰ ਸਰਕਾਰ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਨ ਵਾਲਿਆਂ ਨਾਲ ਮਾੜਾ ਵਿਹਾਰ ਕਰ ਰਹੀ ਹੈ। -ਪੀਟੀਆਈ