ਨਵੀਂ ਦਿੱਲੀ, 27 ਜੂਨ
ਰਾਸ਼ਟਰੀ ਜਨਤਾ ਦਲ (ਆਰਜੇਡੀ) ਦੇ ਆਗੂ ਤੇਜਸਵੀ ਯਾਦਵ ਨੇ ਅੱਜ ਕਿਹਾ ਕਿ ਕਾਂਗਰਸ ਕੌਮੀ ਪਾਰਟੀ ਹੈ ਅਤੇ ਸਾਰੇ ਭਾਰਤ ’ਚ ਉਸ ਦੀ ਮੌਜੂਦਗੀ ਹੈ। ਅਜਿਹੇ ’ਚ ਇਹ ਸੁਭਾਵਿਕ ਹੈ ਕਿ ਭਾਜਪਾ ਦੀ ਅਗਵਾਈ ਹੇਠਲੇ ਕੌਮੀ ਜਮਹੂਰੀ ਗੱਠਜੋੜ (ਐੱਨਡੀਏ) ਖ਼ਿਲਾਫ਼ ਕਿਸੇ ਵੀ ਕੌਮੀ ਗੱਠਜੋੜ ਦਾ ਆਧਾਰ ਕਾਂਗਰਸ ਹੋਣੀ ਚਾਹੀਦੀ ਹੈ।
ਆਰਜੇਡੀ ਆਗੂ ਨੇ ਕਿਹਾ ਕਿ ਕਾਂਗਰਸ ਦਾ 200 ਤੋਂ ਵੱਧ ਲੋਕ ਸਭਾ ਸੀਟਾਂ ’ਤੇ ਭਾਜਪਾ ਨਾਲ ਸਿੱਧਾ ਮੁਕਾਬਲਾ ਹੈ ਤੇ ਉਸ ਨੂੰ ਉਨ੍ਹਾਂ ਸੀਟਾਂ ’ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ ਅਤੇ ਬਾਕੀ ਸੀਟਾਂ ’ਤੇ ਖੇਤਰੀ ਪਾਰਟੀਆਂ ਨੂੰ ਮੋਹਰੀ ਭੂਮਿਕਾ ਦਿੱਤੀ ਜਾਣੀ ਚਾਹੀਦੀ ਹੈ। ਐੱਨਸੀਪੀ ਮੁਖੀ ਸ਼ਰਦ ਪਵਾਰ ਦੀ ਰਿਹਾਇਸ਼ ’ਤੇ ਲੰਘੇ ਹਫ਼ਤੇ ਵਿਰੋਧੀ ਪਾਰਟੀਆਂ ਤੇ ਸਿਵਲ ਸੰਸਥਾਵਾਂ ਦੇ ਕਈ ਮੈਂਬਰਾਂ ਦੀ ਹੋਈ ਮੀਟਿੰਗ ਬਾਰੇ ਤੇਜਸਵੀ ਨੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਮੀਟਿੰਗ ’ਚ ਕਿਸ ਵਿਸ਼ੇ ’ਤੇ ਚਰਚਾ ਕੀਤੀ ਗਈ ਹੈ। ਹਾਲਾਂਕਿ ਬਿਹਾਰ ਦੇ ਸਾਬਕਾ ਉੱਪ ਮੁੱਖ ਮੰਤਰੀ ਨੇ ਜ਼ੋਰ ਦਿੱਤਾ ਕਿ ਹਮਖਿਆਲੀ ਪਾਰਟੀਆਂ ਨੂੰ ਇਸ ਸਭ ਤੋਂ ਵੱਧ ਜ਼ਾਲਮ, ਵੰਡ ਪਾਊ ਤੇ ਫਾਸ਼ੀਵਾਦੀ ਸਰਕਾਰ ਨੂੰ ਹਰਾਉਣ ਲਈ ਘੱਟੋ ਘੱਟ ਪ੍ਰੋਗਰਾਮ ਤਹਿਤ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ, ‘ਸਾਡੇ ਨੇਤਾ ਲਾਗੂ ਪ੍ਰਸਾਦ ਯਾਦਵ ਨੇ ਸਾਲ 2014 ਦੀਆਂ ਚੋਣਾਂ ਤੋਂ ਪਹਿਲਾਂ ਹੀ ਚਿਤਾਵਨੀ ਦਿੰਦਿਆਂ ਕਿਹਾ ਸੀ ਕਿ ਇਹ ਚੋਣਾਂ ਤੈਅ ਕਰਨਗੀਆਂ ਕਿ ਦੇਸ਼ ਟੁੱਟੇਗਾ ਜਾਂ ਬਚੇਗਾ ਅਤੇ ਹੁਣ ਜ਼ਿਆਦਾਤਰ ਪਾਰਟੀਆਂ ਤੇ ਸਾਡੇ ਸਮਾਜ ਦੇ ਲੋਕ ਇਸ ਨੂੰ ਕਿਤੇ ਵੱਧ ਮਹਿਸੂਸ ਕਰ ਰਹੇ ਹਨ।’ ਇਹ ਪੁੱਛੇ ਜਾਣ ’ਤੇ ਕਿ ਮੀਟਿੰਗ ’ਚ ਕਾਂਗਰਸ ਗ਼ੈਰ ਹਾਜ਼ਰ ਸੀ ਤੇ ਕੀ ਭਾਜਪਾ ਦਾ ਮੁਕਾਬਲਾ ਕਰਨ ਲਈ ਬਣਨ ਵਾਲੇ ਕੌਮੀ ਗੱਠਜੋੜ ’ਚ ਕਾਂਗਰਸ ਨੂੰ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ ਤਾਂ ਤੇਜਸਵੀ ਨੇ ਕਿਹਾ ਕਿ ਕਾਂਗਰਸ ਕੌਮੀ ਪਾਰਟੀ ਹੈ ਜਿਸ ਦੀ ਮੌਜੂਦਗੀ ਸਾਰੇ ਭਾਰਤ ’ਚ ਹੈ ਅਤੇ ਸੁਭਾਵਿਕ ਹੈ ਕਿ ਭਾਜਪਾ ਦੀ ਅਗਵਾਈ ਹੇਠਲੇ ਐੱਨਡੀਏ ਖ਼ਿਲਾਫ਼ ਕਿਸੇ ਵੀ ਕੌਮੀ ਗੱਠਜੋੜ ਦਾ ਆਧਾਰ ਕਾਂਗਰਸ ਨੂੰ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦਾ 200 ਤੋਂ ਵੱਧ ਸੀਟਾਂ ’ਤੇ ਭਾਜਪਾ ਨਾਲ ਸਿੱਧਾ ਮੁਕਾਬਲਾ ਹੈ ਨਾ ਕਿ ਖੇਤਰੀ ਪਾਰਟੀਆਂ ਦਾ। ਉਨ੍ਹਾਂ ਕਿਹਾ, ‘ਪਿਛਲੇ ਤਜਰਬਿਆਂ ਨੂੰ ਦੇਖਦਿਆਂ ਮੇਰਾ ਮੰਨਣਾ ਹੈ ਕਿ ਕਾਂਗਰਸ ਨੂੰ ਉਨ੍ਹਾਂ ਸੀਟਾਂ ’ਤੇ ਧਿਆਨ ਦੇਣਾ ਚਾਹੀਦਾ ਹੇ ਜਿੱਥੇ ਉਸ ਦਾ ਸਿੱਧਾ ਮੁਕਾਬਲਾ ਭਾਜਪਾ ਨਾਲ ਹੈ ਤੇ ਬਾਕੀ ਬਚੀਆਂ ਸੀਟਾਂ ’ਤੇ ਖੁੱਲ੍ਹੇ ਦਿਲ ਤੇ ਦਿਮਾਗ ਨਾਲ ਸਬੰਧਤ ਖੇਤਰੀ ਪਾਰਟੀਆਂ ਨੂੰ ਮੋਹਰੀ ਭੂਮਿਕਾ ਦੇਣੀ ਚਾਹੀਦੀ ਹੈ ਜਿੱਥੇ ਉਹ ਮਜ਼ਬੂਤ ਹੋਣ ਤਾਂ ਜੋ ਭਾਜਪਾ ਨੂੰ ਹਰਾਇਆ ਜਾ ਸਕੇ।’ -ਪੀਟੀਆਈ