ਨਵੀਂ ਦਿੱਲੀ, 13 ਜੂਨ
ਭਾਜਪਾ ਦੇ ਸੀਨੀਅਰ ਆਗੂ ਅਤੇ ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਦਿਗਵਿਜੈ ਸਿੰਘ ਵੱਲੋਂ ਧਾਰਾ 370 ਬਾਰੇ ਦਿੱਤੇ ਗਏ ਬਿਆਨ ’ਤੇ ਕਾਂਗਰਸ ਨੂੰ ਆਪਣਾ ਸਟੈਂਡ ਸਪੱਸ਼ਟ ਕਰਨ ਲਈ ਕਿਹਾ ਹੈ। ਉਨ੍ਹਾਂ ਕਿਹਾ ਹੈ ਕਿ ਹੁਣ ਚੁੱਪ ਰਹਿਣ ਦਾ ਸਮਾਂ ਖ਼ਤਮ ਹੋ ਗਿਆ ਹੈ। ਕਾਂਗਰਸ ਆਗੂ ਦਿਗਵਿਜੈ ਸਿੰਘ ਨੇ ਬਿਆਨ ’ਚ ਕਿਹਾ ਸੀ ਕਿ ਜੇਕਰ ਪਾਰਟੀ ਸੱਤਾ ’ਚ ਆਈ ਤਾਂ ਉਹ ਧਾਰਾ 370 ਰੱਦ ਕਰਨ ਦੇ ਫ਼ੈਸਲੇ ’ਤੇ ਮੁੜ ਵਿਚਾਰ ਕਰਕੇ ਜੰਮੂ-ਕਸ਼ਮੀਰ ਨੂੰ ਸੂਬੇ ਦਾ ਦਰਜਾ ਬਹਾਲ ਕਰਨਗੇ। ਭਾਜਪਾ ਨੇ ਉਨ੍ਹਾਂ ’ਤੇ ਦੋਸ਼ ਲਾਇਆ ਸੀ ਕਿ ਉਹ ਪਾਕਿਸਤਾਨ ਨਾਲ ਮਿਲ ਕੇ ਭਾਰਤ ਖ਼ਿਲਾਫ਼ ਜ਼ਹਿਰ ਉਗਲ ਰਹੇ ਹਨ। ਸ੍ਰੀ ਪ੍ਰਸਾਦ ਨੇ ਟਵਿੱਟਰ ’ਤੇ ਲਿਖਿਆ,‘‘ਹੁਣ ਜਦੋਂ ਇਕ ਦਿਨ ਤੋਂ ਜ਼ਿਆਦਾ ਦਾ ਸਮਾਂ ਹੋ ਗਿਆ ਹੈ ਤਾਂ ਕਾਂਗਰਸ ਦੀ ਕੇਂਦਰੀ ਲੀਡਰਸ਼ਿਪ ਨੇ ਧਾਰਾ 370 ਬਾਰੇ ਆਪਣੇ ਸਟੈਂਡ ’ਤੇ ਚੁੱਪੀ ਧਾਰੀ ਹੋਈ ਹੈ। ਕੀ ਕਾਂਗਰਸ ਧਾਰਾ 370 ਬਹਾਲ ਕਰਨਾ ਚਾਹੁੰਦੀ ਹੈ ਜਿਵੇਂ ਦਿਗਵਿਜੈ ਸਿੰਘ ਨੇ ਸੰਕੇਤ ਦਿੱਤੇ ਹਨ? ਖਾਮੋਸ਼ ਰਹਿਣ ਦਾ ਸਮਾਂ ਮੁੱਕ ਗਿਆ ਹੈ। ਕ੍ਰਿਪਾ ਕਰਕੇ ਆਪਣਾ ਸਟੈਂਡ ਸਪੱਸ਼ਟ ਕਰੋ।’’ ਉਨ੍ਹਾਂ ਇਕ ਹੋਰ ਟਵੀਟ ’ਚ ਕਿਹਾ ਕਿ ਜੰਮੂ-ਕਸ਼ਮੀਰ ਅਤੇ ਲੱਦਾਖ ਦੇ ਦੂਰ-ਦੁਰਾਡੇ ਵਾਲੇ ਇਲਾਕਿਆਂ ’ਚ ਜਿਸ ਰਫ਼ਤਾਰ ਨਾਲ ਕੋਵਿਡ-19 ਖ਼ਿਲਾਫ਼ ਟੀਕਾਕਰਨ ਮੁਹਿੰਮ ਚੱਲ ਰਹੀ ਹੈ, ਉਸ ਤੋਂ ਸੰਕੇਤ ਮਿਲਦਾ ਹੈ ਕਿ ਖ਼ਿੱਤੇ ’ਚ ਲੋਕ ਪੱਖੀ ਚੰਗਾ ਸ਼ਾਸਨ ਚਲਾਇਆ ਜਾ ਰਿਹਾ ਹੈ। -ਪੀਟੀਆਈ