ਧਨਬਾਦ, 4 ਫਰਵਰੀ
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਪਾਰਟੀ ਆਦਿਵਾਸੀ ਲੋਕਾਂ ਦੇ ‘ਜਲ-ਜੰਗਲ-ਜ਼ਮੀਨ’ ਅਤੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਲਈ ਖੜ੍ਹੀ ਹੈ। ਗਾਂਧੀ ਇਥੇ ਝਾਰਖੰਡ ਦੇ ਧਨਬਾਦ ਜ਼ਿਲ੍ਹੇ ਵਿੱਚ ਆਪਣੀ ‘ਭਾਰਤ ਜੋੜੋ ਨਿਆਏ ਯਾਤਰਾ’ ਨੂੰ ਲੈ ਕੇ ਕੱਢੇ ਰੋਡਸ਼ੋਅ ਮੌਕੇ ਬੋਲ ਰਹੇ ਸਨ। ਜ਼ਿਲ੍ਹੇ ਦੇ ਟੁੰਡੀ ਬਲਾਕ ਵਿਚ ਰਾਤ ਰੁਕਣ ਮਗਰੋਂ ਯਾਤਰਾ ਅੱਜ ਸਵੇਰੇ ਧਨਬਾਦ ਸ਼ਹਿਰ ਦੇ ਗੋਵਿੰਦਪੁਰ ਤੋਂ ਮੁੜ ਸ਼ੁਰੂ ਹੋ ਗਈ। ਗਾਂਧੀ ਨੇ ਕਿਹਾ ਕਿ ਯਾਤਰਾ ਦਾ ਮੁੱਖ ਮੰਤਵ ਸਰਕਾਰੀ ਮਾਲਕੀ ਵਾਲੀਆਂ ਇਕਾਈਆਂ ਨੂੰ ਨਿੱਜੀ ਹੱਥਾਂ ਵਿੱਚ ਜਾਣ ਤੋਂ ਰੋਕਣਾ ਤੇ ਦੇਸ਼ ਦੇ ਆਦਿਵਾਸੀਆਂ ਲਈ ਨਿਆਂ ਯਕੀਨੀ ਬਣਾਉਣਾ ਹੈ। ਗਾਂਧੀ ਨੇ ਕਿਹਾ, ‘‘ਕਾਂਗਰਸ ਪਾਰਟੀ ਆਦਿਵਾਸੀ ਲੋਕਾਂ ਦੇ ਜਲ-ਜੰਗਲ-ਜਮੀਨ ਲਈ ਖੜੀ ਹੈ ਅਤੇ ਨੌਜਵਾਨਾਂ ਦੀ ਸਿੱਖਿਆ ਅਤੇ ਰੁਜ਼ਗਾਰ ਲਈ ਕੰਮ ਕਰਦੀ ਹੈ। ਆਰਥਿਕ ਅਸੰਤੁਲਨ, ਨੋਟਬੰਦੀ, ਜੀਐੱਸਟੀ ਅਤੇ ਬੇਰੁਜ਼ਗਾਰੀ ਨੇ ਦੇਸ਼ ਵਿੱਚ ਨੌਜਵਾਨਾਂ ਦੇ ਭਵਿੱਖ ਨੂੰ ਬਰਬਾਦ ਕਰ ਦਿੱਤਾ ਹੈ।’’-ਪੀਟੀਆਈ