ਲਖਨਊ, 19 ਅਕਤੂਬਰ
ਕਾਂਗਰਸ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਉਤਰ ਪ੍ਰਦੇਸ਼ ਵਿੱਚ ਅਗਲੇ ਵਰ੍ਹੇ ਹੋ ਰਹੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ, ਔਰਤਾਂ ਨੂੰ 40 ਫ਼ੀਸਦੀ ਟਿਕਟਾਂ ਦੇਵੇਗੀ। ਕਾਂਗਰਸ ਦੀ ਕੌਮੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ, ਜੋ ਯੂਪੀ ਵਿੱਚ ਪਾਰਟੀ ਮਾਮਲਿਆਂ ਦੀ ਇੰਚਾਰਜ ਵੀ ਹੈ, ਨੇ ਅੱਜ ਇਹ ਐਲਾਨ ਪ੍ਰੈਸ ਕਾਨਫਰੰਸ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਇਸ ਫ਼ੈਸਲੇ ਦਾ ਮਕਸਦ ਔਰਤਾਂ ਨੂੰ ਸੱਤਾ ਵਿੱਚ ਬਰਾਬਰ ਦੀ ਹਿੱਸੇਦਾਰ ਬਣਾਉਣਾ ਹੈ। ਗ਼ੌਰਤਲਬ ਹੈ ਕਿ ਪ੍ਰਿਯੰਕਾ ਗਾਂਧੀ, ਸਿਆਸੀ ਅਖਾੜੇ ਵਿੱਚ ਪਾਰਟੀ ਦਾ ਗੁਆਚਿਆ ਆਧਾਰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਜਦੋਂ ਉਨ੍ਹਾਂ ਨੂੰ ਚੋਣਾਂ ਲੜਨ ਸਬੰਧੀ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਅਜੇ ਇਸ ਸਬੰਧੀ ਫੈਸਲਾ ਨਹੀਂ ਹੋਇਆ ਹੈ। ਜ਼ਿਕਰਯੋਗ ਹੈ ਕਿ ਕਾਂਗਰਸ 2017 ਵਿੱਚ ਯੂਪੀ ਦੀਆਂ 403 ਸੀਟਾਂ ਵਿੱਚੋਂ ਮਹਿਜ਼ ਸੱਤ ਸੀਟਾਂ ਹੀ ਜਿੱਤ ਸਕੀ। ਹੁਣ ਪਾਰਟੀ ਨੇ ਆਗਾਮੀ ਚੋਣਾਂ ਵਿੱਚ ਔਰਤਾਂ ’ਤੇ ਬਾਜ਼ੀ ਲਾਈ ਹੈ। ਪ੍ਰਿਯੰਕਾ ਨੇ ਕਿਹਾ,‘ਪਾਰਟੀ ਆਗਾਮੀ ਚੋਣਾਂ ਵਿੱਚ ਔਰਤਾਂ ਨੂੰ 40 ਫ਼ੀਸਦੀ ਟਿਕਟਾਂ ਦੇਣ ਦਾ ਵਾਅਦਾ ਕਰਦੀ ਹੈ, ਜੇ ਮੇਰੇ ਵੱਸ ਵਿੱਚ ਹੁੰਦਾ ਤਾਂ ਮੈਂ ਉਨ੍ਹਾਂ ਨੂੰ 50 ਫ਼ੀਸਦੀ ਟਿਕਟਾਂ ਦਿੰਦੀ।’ ਉਨ੍ਹਾਂ ਕਿਹਾ,‘ਇਸ ਪਿੱਛੇ ਕੋਈ ਲੁਕਿਆ ਹਿੱਤ ਨਹੀਂ ਹੈ। ਅਸੀਂ ਚਾਹੁੰਦੇ ਹਾਂ ਕਿ ਸੱਤਾ ਵਿੱਚ ਔਰਤਾਂ ਦੀ ਬਰਾਬਰ ਦੀ ਭਾਗੀਦਾਰੀ ਹੋਵੇ। ਇਸ ਲਈ ਕਾਂਗਰਸ ਪਾਰਟੀ ਔਰਤਾਂ ਨੂੰ 40 ਫੀਸਦੀ ਟਿਕਟਾਂ ਦੇਵੇਗੀ।’ ਪਾਰਟੀ ਦਫਤਰ ਵਿੱਚ ਵੱਡੀ ਸਕਰੀਨ ’ਤੇ ਪ੍ਰੈਸ ਕਾਨਫਰੰਸ ਦੇਖ ਰਹੀਆਂ ਮਹਿਲਾ ਵਰਕਰਾਂ ਨੇ ਇਹ ਐਲਾਨ ਸੁਣਦਿਆਂ ਹੀ ਪਟਾਕੇ ਵਜਾ ਕੇ ਇਸ ਫ਼ੈਸਲੇ ਦੀ ਸ਼ਲਾਘਾ ਕੀਤੀ। ਜਦੋਂ ਪ੍ਰਿਯੰਕਾ ਨੂੰ ਪੁੱਛਿਆ ਗਿਆ ਕਿ ਉਹ ਵੀ ਚੋਣ ਮੈਦਾਨ ਵਿੱਚ ਨਿੱਤਰ ਰਹੇ ਨੇ ਤਾਂ ਉਨ੍ਹਾਂ ਕਿਹਾ ਕਿ ਉਹ ਆਪਣਾ ਰਾਹ ਖੁੱਲ੍ਹਾ ਰੱਖਦੀ ਹੈ। ਫਿਲਹਾਲ ਅਜੇ ਇਹ ਫ਼ੈਸਲਾ ਨਹੀਂ ਕੀਤਾ ਗਿਆ ਹੈ। ਚੋਣਾਂ ਵਿੱਚ ਹਾਲੇ ਸਮਾਂ ਹੈ, ਮੈਂ ਇਸ ਬਾਰੇ ਸੋਚਾਂਗੀ ਅਤੇ ਬਾਅਦ ਵਿੱਚ ਕੋਈ ਫ਼ੈਸਲਾ ਲਵੇਗੀ। ਆਗਾਮੀ ਯੂਪੀ ਚੋਣਾਂ ਵਿੱੱਚ ਔਰਤਾਂ ਨੂੰ 40 ਫੀਸਦੀ ਟਿਕਟਾਂ ਦੇਣ ਦੇ ਮੁੱਦੇ ’ਤੇ ਕਾਂਗਰਸ ਆਗੂ ਅਧੀਰ ਰੰਜਨ ਨੇ ਕਿਹਾ,‘ਇਹ ਇਕ ਕ੍ਰਾਂਤੀਕਾਰੀ ਕਦਮ ਹੈ। -ਪੀਟੀਆਈ
ਮਾਇਆਵਤੀ ਵੱਲੋਂ ਔਰਤਾਂ ਨੂੰ 40 ਫ਼ੀਸਦੀ ਟਿਕਟਾਂ ਦੇਣ ਦਾ ਫ਼ੈਸਲਾ ‘ਚੋਣ ਡਰਾਮਾ’ ਕਰਾਰ
ਲਖਨਊ: ਕਾਂਗਰਸ ਵੱਲੋਂ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਔਰਤਾਂ ਨੂੰ 40 ਫ਼ੀਸਦੀ ਟਿਕਟਾਂ ਦੇਣ ਦੇ ਫ਼ੈਸਲੇ ਨੂੰ ‘ਨਿਰਾ ਚੋਣ ਡਰਾਮਾ’ ਕਰਾਰ ਦਿੰਦਿਆਂ ਬਹੁਜਨ ਸਮਾਜ ਪਾਰਟੀ ਦੀ ਮੁਖੀ ਨੇ ਕਿਹਾ ਕਿ ਇਸ ਪਾਰਟੀ ਨੂੰ ਔਰਤਾਂ, ਦਲਿਤਾਂ ਤੇ ਪਛੜੀਆਂ ਸ਼੍ਰੇਣੀਆਂ ਦੀ ਉਦੋਂ ਹੀ ਯਾਦ ਆਉਂਦੀ ਹੈ, ਜਦੋਂ ਇਹ ਸੱਤਾ ਤੋਂ ਬਾਹਰ ਹੁੰਦੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸ ਕੋਲ ਔਰਤਾਂ ਦੀ ਭਲਾਈ ਲਈ ਯਤਨ ਕਰਨ ਦੀ ਇੱਛਾ ਸ਼ਕਤੀ ਦੀ ਘਾਟ ਹੈ। -ਪੀਟੀਆਈ