ਨਵੀਂ ਦਿੱਲੀ: ਕਾਂਗਰਸ ਨੇ ਅੱਜ ਕਿਹਾ ਕਿ ਪਾਰਟੀ ਸੰਸਦ ਵੱਲੋਂ ਪਾਸ ਕੀਤੇ ਗਏ ਖੇਤੀ ਬਿੱਲਾਂ ਖ਼ਿਲਾਫ਼ ਦੇਸ਼ ਪੱਧਰੀ ਸੰਘਰਸ਼ ਸ਼ੁਰੂ ਕਰੇਗੀ। ਇਸ ਤੋਂ ਇਲਾਵਾ ਇਨ੍ਹਾਂ ਤਜਵੀਜ਼ਤ ਕਾਨੂੰਨਾਂ ਖ਼ਿਲਾਫ਼ ਦੋ ਕਰੋੜ ਕਿਸਾਨਾਂ ਤੇ ਗਰੀਬਾਂ ਦੇ ਹਸਤਾਖ਼ਰ ਲੈਣ ਲਈ ਵੀ ਮੁਹਿੰਮ ਵਿੱਢੀ ਜਾਵੇਗੀ। ਪਾਰਟੀ ਦੇ ਸੀਨੀਅਰ ਆਗੂਆਂ ਦੀ ਮੀਟਿੰਗ ਮਗਰੋਂ ਪ੍ਰੈੱਸ ਕਾਨਫ਼ਰੰਸ ਵਿਚ ਕਾਂਗਰਸੀ ਆਗੂ ਕੇ.ਸੀ. ਵੇਨੂਗੋਪਾਲ ਨੇ ਕਿਹਾ ਕਿ ਹਸਤਾਖ਼ਰ ਲੈਣ ਮਗਰੋਂ ਰਾਸ਼ਟਰਪਤੀ ਨੂੰ ਮੈਮੋਰੈਂਡਮ ਸੌਂਪਿਆ ਜਾਵੇਗਾ। ਕਾਂਗਰਸੀ ਆਗੂ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਪੂਰੇ ਮੁਲਕ ਵਿਚ ਖੇਤੀ ਬਿੱਲਾਂ ਖ਼ਿਲਾਫ਼ ਮੀਡੀਆ ਕਾਨਫ਼ਰੰਸਾਂ ਦੀ ਲੜੀ ਵੀ ਆਰੰਭੀ ਜਾਵੇਗੀ। ਉਨ੍ਹਾਂ ਕਿਹਾ ਕਿ ਸੂਬਾਈ ਪਾਰਟੀ ਮੁਖੀ ਤੇ ਹੋਰ ਸੀਨੀਅਰ ਆਗੂ ਆਪੋ-ਆਪਣੇ ਸੂਬਿਆਂ ਵਿਚ ਰੋਸ ਮਾਰਚ ਕੱਢਣਗੇ। ਰਾਜਪਾਲਾਂ ਨੂੰ ਵੀ ਮੈਮੋਰੈਂਡਮ ਸੌਂਪੇ ਜਾਣਗੇ। ਕਾਂਗਰਸ ਨੇ ਸ਼੍ਰੋਮਣੀ ਅਕਾਲੀ ਦਲ ਉਤੇ ਵੀ ਦੋਹਰੇ ਅਰਥਾਂ ਵਾਲੇ ਬਿਆਨ ਜਾਰੀ ਕਰਨ ਦਾ ਦੋਸ਼ ਲਾਇਆ ਹੈ। ਪਾਰਟੀ ਨੇ ਕਿਹਾ ਕਿ ਅਕਾਲੀ ਦਲ ਖੇਤੀ ਬਿੱਲਾਂ ਦੇ ਮੁੱਦੇ ਉਤੇ ਬੇਈਮਾਨੀ ਕਰ ਰਿਹਾ ਹੈ। ਕਾਂਗਰਸ ਨੇ ਸਵਾਲ ਕੀਤਾ ਕਿ ਪਾਰਟੀ ਨੇ ਹਾਲੇ ਤੱਕ ਐਨਡੀਏ ਕਿਉਂ ਨਹੀਂ ਛੱਡਿਆ।
-ਪੀਟੀਆਈ