ਨਵੀਂ ਦਿੱਲੀ, 11 ਮਾਰਚ
ਹਰਿਆਣਾ ’ਚ ਪੈਟਰੋਲ-ਡੀਜ਼ਲ ਦੀਆਂ ਵੱਧਦੀਆਂ ਕੀਮਤਾਂ ਖ਼ਿਲਾਫ਼ ਪਿਛਲੇ ਦਿਨੀਂ ਇੱਕ ਰੋਸ ਮੁਜ਼ਾਹਰੇ ਦੌਰਾਨ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦੇ ਇੱਕ ਟਰੈਕਟਰ ’ਤੇ ਬੈਠਣ ਅਤੇ ਉਸ ਨੂੰ ਔਰਤਾਂ ਵੱਲੋਂ ਖਿੱਚੇ ਜਾਣ ਦੇ ਮਾਮਲੇ ’ਚ ਭਾਜਪਾ ਨੇ ਅੱਜ ਕਾਂਗਰਸ ਨੂੰ ਨਿਸ਼ਾਨੇ ’ਤੇ ਲਿਆ ਅਤੇ ਦੋਸ਼ ਲਾਇਆ ਵਿਰੋਧੀ ਧਿਰ ਨੇ ਅਜਿਹਾ ਕਰਕੇ ਔਰਤਾਂ ਲਾਲ ਬੰਧੂਆ ਮਜ਼ਦੂਰਾਂ ਵਰਗਾ ਸਲੂਕ ਕੀਤਾ ਹੈ। ਭਾਜਪਾ ਮਹਿਲਾ ਵਰਕਰਾਂ ਵੱਲੋਂ ਕਾਂਗਰਸ ਖਿ਼ਲਾਫ਼ ਰੋਸ ਮੁਜ਼ਾਹਰਾ ਵੀ ਕੀਤਾ ਗਿਆ।
ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਕਿਹਾ ਕਿ ਇਹ ਬਹੁਤ ਹੈਰਾਨ ਕਰਨ ਵਾਲੀ ਗੱਲ ਸੀ ਕਿ ਸਾਬਕਾ ਮੁੱਖ ਮੰਤਰੀ ਟਰੈਕਟਰ ’ਤੇ ਬੈਠੇ ਹੋਏ ਹਨ ਅਤੇ ਉਨ੍ਹਾਂ ਦੀ ਪਾਰਟੀ ਦੀਆਂ ਮਹਿਲਾਂ ਮੈਂਬਰਾਂ ਟਰੈਕਟਰ ਖਿੱਚ ਰਹੀਆਂ ਹਨ। ਭਾਜਪਾ ਮਹਿਲਾ ਮੋਰਚੇ ਦੀ ਪ੍ਰਧਾਨ ਵਨਥੀ ਸ੍ਰੀਨਿਵਾਸਨ ਨੇ ਕਿਹਾ ਕਿ ਮਹਿਲਾਵਾਂ ਨਾਲ ਅਜਿਹੇ ਦੁਰਵਿਹਾਰ ਖ਼ਿਲਾਫ਼ ਉਨ੍ਹਾਂ ਦੀ ਪਾਰਟੀ ਦੀ ਮਹਿਲਾ ਇਕਾਈ ਦੇਸ਼ ਪੱਧਰੀ ਰੋਸ ਮੁਜ਼ਾਹਰੇ ਕਰੇਗੀ। ਉਨ੍ਹਾਂ ਹੁੱਡਾ ਨੂੰ ਇਸ ਮਾਮਲੇ ’ਚ ਬਿਨਾਂ ਸ਼ਰਤ ਮੁਆਫ਼ੀ ਮੰਗਣ ਲਈ ਕਿਹਾ।
ਇਰਾਨੀ ਨੇ ਕਿਹਾ, ‘ਉਹ ਰੋਸ ਮੁਜ਼ਾਹਰਾ ਕਰਨਾ ਚਾਹੁੰਦੇ ਸੀ, ਇਹ ਮੈਂ ਸਮਝ ਸਕਦੀ ਹਾਂ। ਮੈਂ ਸਮਝ ਸਕਦੀ ਹਾਂ ਕਿ ਉਹ ਇੱਕ ਸਿਆਸੀ ਸੁਨੇਹਾ ਦੇਣਾ ਚਾਹੁੰਦੇ ਸੀ ਪਰ ਕੀ ਇਹ ਕਿਸੇ ਮਹਿਲਾ ਦੇ ਬਦਲੇ ਕੀਤਾ ਜਾ ਸਕਦਾ ਹੈ। ਕੀ ਸਿਆਸੀ ਪਾਰਟੀਆਂ ’ਚ ਅਤੇ ਖਾਸ ਤੌਰ ’ਤੇ ਕਾਂਗਰਸ ਦੇ ਪ੍ਰਦਰਸ਼ਨ ’ਚ ਜੋ ਅਸੀਂ ਦੇਖਿਆ, ਔਰਤਾਂ ਨਾਲ ਬੰਧੂਆ ਮਜ਼ਦੂਰਾਂ ਜਿਹਾ ਵਿਹਾਰ ਕੀਤਾ ਜਾ ਸਕਦਾ ਹੈ। ਇਹ ਹੈਰਾਨ ਕਰਨ ਵਾਲੀ ਗੱਲ ਹੈ ਕਿ ਉੱਥੇ ਮੌਜੂਦ ਕਾਂਗਰਸ ਦੇ ਕਿਸੇ ਵੀ ਪੁਰਸ਼ ਮੈਂਬਰ ਨੇ ਇਸ ’ਚ ਦਖਲ ਨਹੀਂ ਦਿੱਤਾ।’ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਨਿਸ਼ਾਨੇ ’ਤੇ ਲੈਂਦਿਆਂ ਉਨ੍ਹਾਂ ਕਿਹਾ ਕਿ ਇਸ ਮਾਮਲੇ ’ਚ ਉਨ੍ਹਾਂ ਦੀ ਚੁੱਪ ਦਿਸਦੀ ਹੈ ਕਿ ਉਨ੍ਹਾਂ ਦੀ ਪਾਰਟੀ ’ਚ ਔਰਤਾਂ ਨੂੰ ਅਜਿਹਾ ਕੰਮ ਦਿੱਤਾ ਜਾਂਦਾ ਹੈ ਜਿਸ ਨੂੰ ਪੁਰਸ਼ ਮੈਂਬਰ ਕਰਨ ਨੂੰ ਤਿਆਰ ਨਹੀਂ ਹੁੰਦੇ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵੱਲੋਂ ਵਿਧਾਨ ਸਭਾ ’ਚ ਇਸ ਮਾਮਲੇ ’ਚ ਰੋਸ ਪ੍ਰਗਟਾਉਣ ਦਾ ਜ਼ਿਕਰ ਕਰਦਿਆਂ ਇਰਾਨੀ ਨੇ ਕਿਹਾ ਕਿ ਕਾਂਗਰਸ ਨੂੰ ਇਸ ਮਾਮਲੇ ਦਾ ਖੁਦ ਨੋਟਿਸ ਲੈ ਕੇ ਕਾਰਵਾਈ ਕਰਨੀ ਚਾਹੀਦੀ ਹੈ। ਉੱਧਰ ਦਿੱਲੀ ’ਚ ਕਾਂਗਰਸ ਕਮੇਟੀ ਦੇ ਹੈਡਕੁਆਰਟਰ ਦੇ ਬਾਹਰ ਭਾਜਪਾ ਮਹਿਲਾ ਮੋਰਚਾ ਦੀਆਂ ਮਹਿਲਾ ਵਰਕਰਾਂ ਨੇ ਭੁਪਿੰਦਰ ਸਿੰਘ ਹੁੱਡਾ ਖ਼ਿਲਾਫ਼ ਰੋਸ ਮੁਜ਼ਾਹਰਾ ਕਰਦਿਆਂ ਨਾਅਰੇਬਾਜ਼ੀ ਕੀਤੀ। ਦਿੱਲੀ ਪੁਲੀਸ ਨੇ ਰੋਸ ਮੁਜ਼ਾਹਰਾ ਕਰਦੀਆਂ ਵਰਕਰਾਂ ਨੂੰ ਹਿਰਾਸਤ ’ਚ ਵੀ ਲਿਆ। -ਪੀਟੀਆਈ