ਨਵੀਂ ਦਿੱਲੀ, 5 ਸਤੰਬਰ
ਕਾਂਗਰਸ ਨੇ ਅੱਜ ਕਿਹਾ ਕਿ ਉਹ ਪੂਰੀ ਤਰ੍ਹਾਂ ਇਕਜੁੱਟ ਤੇ ਜਮਹੂਰੀ ਪਾਰਟੀ ਅਤੇ ਇਹ ਆਪਣੇ ਆਗੂਆਂ ਨੂੰ ਖੁੱਲ੍ਹ ਕੇ ਵਿਚਾਰ ਪ੍ਰਗਟਾਉਣ ਦੀ ਆਜ਼ਾਦੀ ਦਿੰਦੀ ਹੈ। ਕਾਂਗਰਸ ਵੱਲੋਂ ਇਹ ਟਿੱਪਣੀ ਅਜਿਹੇ ਸਮੇਂ ਕੀਤੀ ਗਈ ਹੈ ਜਦੋਂ ਭਾਜਪਾ ਤੇ ਹਾਲ ਹੀ ਵਿੱਚ ਕਾਂਗਰਸ ਛੱਡਣ ਵਾਲੇ ਗੁਲਾਮ ਨਬੀ ਆਜ਼ਾਦ ਨੇ ਕਿਹਾ ਹੈ ਕਿ ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਨੂੰ ‘ਭਾਰਤ ਜੋੜੋ’ ਯਾਤਰਾ ਤੋਂ ਪਹਿਲਾਂ ਕਾਂਗਰਸ ਨੂੰ ਜੋੜਨਾ ਚਾਹੀਦਾ ਹੈ। ਭਾਜਪਾ ਦੀਆਂ ਟਿੱਪਣੀਆਂ ਬਾਰੇ ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਕਿ ਪਾਰਟੀ ਪੂਰੀ ਤਰ੍ਹਾਂ ਮਜ਼ਬੂਤ ਤੇ ਇਕਜੁੱਟ ਹੈ। ਉਨ੍ਹਾਂ ਕਿਹਾ, ‘ਕਾਂਗਰਸ ’ਚ ਜੋ ਅਸੰਤੁਸ਼ਟ ਹਨ ਉਹ ਬਿਆਨ ਦਿੰਦੇ ਰਹਿੰਦੇ ਹਨ। ਮੈਂ ਸਮਝਦਾ ਹਾਂ ਕਿ ਅੱਜ ਪਾਰਟੀ ਇਕਜੁੱਟ ਹੈ। ਬੀਤੇ ਦਿਨ ਦੀ ਰੈਲੀ ਬਹੁਤ ਕਾਮਯਾਬ ਰਹੀ।’ ਉਨ੍ਹਾਂ ਕਿਹਾ, ‘ਕਾਂਗਰਸ ਇੱਕ ਜਮਹੂਰੀ ਪਾਰਟੀ ਹੈ। ਲੋਕ ਆਪਣੇ ਦਿਲ ਦੀ ਗੱਲ ਖੁੱਲ੍ਹ ਕੇ ਕਰਦੇ ਹਨ। ਕੋਈ ਖਤ ਲਿਖਦਾ ਹੈ, ਕੋਈ ਟਵੀਟ ਕਰਦਾ ਹੈ, ਕੋਈ ਇੰਟਰਵਿਊ ਦਿੰਦਾ ਹੈ ਤੇ ਇਹ ਜਮਹੂਰੀਅਤ ਨੂੰ ਦਰਸਾਉਂਦਾ ਹੈ। ਸਾਡੀ ਪਾਰਟੀ ’ਚ ਕੋਈ ਤਾਨਾਸ਼ਾਹੀ ਨਹੀਂ ਹੈ। ਅਸੀਂ ਕਿਸੇ ਨੂੰ ਚੁੱਪ ਨਹੀਂ ਕਰਵਾਉਂਦੇ।’ ਆਜ਼ਾਦ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਬਾਰੇ ਉਹ ਕੁਝ ਨਹੀਂ ਕਹਿਣਾ ਚਾਹੁੰਦੇ। ਉਹ ਪਹਿਲਾਂ ਹੀ ਉਨ੍ਹਾਂ ਬਾਰੇ ਕਹਿ ਚੁੱਕੇ ਹਨ। -ਪੀਟੀਆਈ
‘ਭਾਰਤ ਜੋੜੋ’ ਯਾਤਰਾ ਕੋਈ ‘ਮਨ ਕੀ ਬਾਤ’ ਨਹੀਂ’
ਕਾਂਗਰਸ ਨੇ ਸੱਤ ਸਤੰਬਰ ਨੂੰ ਸ਼ੁਰੂ ਹੋਣ ਵਾਲੀ ਆਪਣੀ ‘ਭਾਰਤ ਜੋੜੋ’ ਯਾਤਰਾ ਦੇ ਸਬੰਧ ਵਿੱਚ ਪਾਰਟੀ ਆਗੂ ਜੈਰਾਮ ਰਮੇਸ਼ ਨੇ ਕਿਹਾ, ‘ਇਹ ਯਾਤਰਾ ਕਿਸੇ ਤਰ੍ਹਾਂ ਦੀ ‘ਮਨ ਕੀ ਬਾਤ’ ਨਹੀਂ ਹੈ ਬਲਕਿ ਇਹ ਲੋਕਾਂ ਦੀਆਂ ਫਿਕਰਾਂ ਤੇ ਵਿਚਾਰ ਸੁਣਨ ਲਈ ਹੈ। ਲੋਕਾਂ ਦੀਆਂ ਫਿਕਰਾਂ ਤੇ ਮੰਗਾਂ ਨੂੰ ਦਿੱਲੀ ਤੱਕ ਪਹੁੰਚਾਉਣਾ ਇਸ ਯਾਤਰਾ ਦਾ ਮਕਸਦ ਹੈ। ਲੰਮੇ ਭਾਸ਼ਣ ਨਹੀਂ ਹੋਣਗੇ। ਅਸੀਂ ਲੋਕਾਂ ਨੂੰ ਸੁਣਨ ਜਾ ਰਹੇ ਹਾਂ।’