ਦਾਵਨਾਗੇਰੇ , 3 ਅਗਸਤ
ਕਰਨਾਟਕ ’ਚ ਕਾਂਗਰਸ ਮੁਖੀ ਡੀ ਕੇ ਸ਼ਿਵਕੁਮਾਰ ਨੇ ਦਿੱਗਜ ਆਗੂ ਸਿੱਧਾਰਮੱਈਆ ਦੇ 75ਵੇਂ ਜਨਮਦਿਨ ਮੌਕੇ ਉਨ੍ਹਾਂ ਨੂੰ ਜਨਤਕ ਤੌਰ ’ਤੇ ਗੱਲਵਕੜੀ ਪਾ ਕੇ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਕਿ ਸੂਬੇ ’ਚ ਕਾਂਗਰਸ ਇਕਜੁੱਟ ਹੈ। ਇਸ ਮੌਕੇ ਹਾਜ਼ਰ ਕਾਂਗਰਸ ਆਗੂੁ ਰਾਹੁਲ ਗਾਂਧੀ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਸ਼ਿਵਕੁਮਾਰ ਅਤੇ ਸਿੱਧਾਰਮੱਈਆ ਮੁੱਖ ਮੰਤਰੀ ਅਹੁਦੇ ਦੇ ਦਾਅਵੇਦਾਰ ਹਨ ਅਤੇ ਦੋਹਾਂ ਦੇ ਹਮਾਇਤੀ ਆਪਣੇ ਆਪਣੇ ਆਗੂਆਂ ਦਾ ਨਾਮ ਅੱਗੇ ਵਧਾਉਣ ’ਚ ਜੁਟੇ ਹੋਏ ਹਨ ਜਿਸ ਕਾਰਨ ਕਾਂਗਰਸ ’ਚ ਤਣਾਅ ਦਾ ਮਾਹੌਲ ਹੈ। ਆਪਣੇ ਜਨਮਦਿਨ ਮੌਕੇ ਰੱਖੀ ਗਈ ਪਾਰਟੀ ਦੌਰਾਨ ਸਿੱਧਾਰਮੱਈਆ ਨੇ ਕਿਹਾ ਕਿ ਉਨ੍ਹਾਂ ਦੇ ਅਤੇ ਸ਼ਿਵਕੁਮਾਰ ਵਿਚਕਾਰ ਤਰੇੜ ਦੀ ਅਫ਼ਵਾਹ ਵਿਰੋਧੀ ਪਾਰਟੀਆਂ ਵੱਲੋਂ ਫੈਲਾਈ ਗਈ ਹੈ। ‘ਸ਼ਿਵਕੁਮਾਰ ਅਤੇ ਮੈਂ ਇਕੱਠੇ ਹਾਂ। ਸਾਡੇ ’ਚ ਕੋਈ ਮੱਤਭੇਦ ਨਹੀਂ ਹੈ।’ ਸ਼ਿਵਕੁਮਾਰ ਨੇ ਆਪਣੇ ਭਾਸ਼ਨ ’ਚ ਕਿਹਾ ਕਿ ਕਾਂਗਰਸ ਨੇ ਸਾਂਝੀ ਲੀਡਰਸ਼ਿਪ ਹੇਠ ਵਿਧਾਨ ਸਭਾ ਚੋਣਾਂ ਲੜਨ ਦਾ ਫ਼ੈਸਲਾ ਲਿਆ ਹੈ। ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਉਹ ਸਿੱਧਾਰਮੱਈਆ ਅਤੇ ਸ਼ਿਵਕੁਮਾਰ ਨੂੰ ਗੱਲਵਕੜੀ ਪਾਉਂਦਿਆਂ ਦੇਖ ਕੇ ਖੁਸ਼ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਕਰਨਾਟਕ ’ਚ ਭਾਜਪਾ ਅਤੇ ਆਰਐੱਸਐੱਸ ਨੂੰ ਹਰਾਉਣ ਲਈ ਇਕਜੁੱਟ ਹੈ। ਉਨ੍ਹਾਂ ਕਿਹਾ ਕਿ ਜੇਕਰ ਕਾਂਗਰਸ ਕਰਨਾਟਕ ’ਚ ਸਰਕਾਰ ਬਣਾਏਗੀ ਤਾਂ ਉਹ ਸਾਫ਼ ਅਤੇ ਇਮਾਨਦਾਰ ਸਰਕਾਰ ਦੇਵੇਗੀ। -ਪੀਟੀਆਈ