* ਝਾਰਖੰਡ ਚੋਣਾਂ ’ਚ ਭਾਜਪਾ ਦੀ ਜਿੱਤ ਦਾ ਕੀਤਾ ਦਾਅਵਾ
ਨਵੀਂ ਦਿੱਲੀ, 11 ਨਵੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦੋਸ਼ ਲਾਇਆ ਕਿ ਕਾਂਗਰਸ ਅਨੁਸੂਚਿਤ ਜਾਤੀ, ਅਨੁਸੂਚਿਤ ਜਨਜਾਤੀ ਤੇ ਹੋਰ ਪੱਛੜੇ ਵਰਗ (ਓਬੀਸੀ) ਦੀ ਸਾਂਝੀ ਤਾਕਤ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੀ ਹੈ ਤਾਂ ਜੋ ਉਨ੍ਹਾਂ ਵਿਚਾਲੇ ਵੰਡੀਆਂ ਪਾ ਕੇ ਉਨ੍ਹਾਂ ਦੀ ਆਵਾਜ਼ ਕਮਜ਼ੋਰ ਕੀਤੀ ਜਾ ਸਕੇ ਅਤੇ ਉਨ੍ਹਾਂ ਲਈ ਰਾਖਵਾਂਕਰਨ ਖਤਮ ਕੀਤਾ ਜਾ ਸਕੇ।
ਉਨ੍ਹਾਂ ‘ਨਮੋ ਐਪ’ ਰਾਹੀਂ ‘ਮੇਰਾ ਬੂਥ, ਸਭ ਤੋਂ ਮਜ਼ਬੂਤ’ ਪ੍ਰੋਗਰਾਮ ਤਹਿਤ ਝਾਰਖੰਡ ’ਚ ਭਾਜਪਾ ਵਰਕਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘ਇਸ ਲਈ ਮੈਂ ਵਾਰ-ਵਾਰ ਕਹਿੰਦਾ ਹਾਂ ਕਿ ‘ਏਕ ਰਹੇਂਗੇ, ਤੋ ਸੇਫ ਰਹੇਂਗੇ।’ ਮੋਦੀ ਨੇ ਝਾਰਖੰਡ ਮੁਕਤੀ ਮੋਰਚਾ (ਜੇਐੱਮਐੱਮ), ਕਾਂਗਰਸ ਤੇ ਆਰਜੇਡੀ ਗੱਠਜੋੜ ਦੇ ਪੰਜ ਸਾਲ ਦੇ ਕਾਰਜਕਾਲ ਦੀਆਂ ਨਾਕਾਮੀਆਂ ਨੂੰ ਵੀ ਉਭਾਰਿਆ ਤੇ ਕਿਹਾ ਕਿ ਸੂਬੇ ਨੂੰ ਪ੍ਰਗਤੀ ਦੇ ਰਾਹ ’ਤੇ ਲਿਜਾਣ ਲਈ ‘ਭ੍ਰਿਸ਼ਟਾਚਾਰ, ਮਾਫੀਆ ਤੇ ਮਾੜੇ ਸ਼ਾਸਨ’ ਤੋਂ ਮੁਕਤ ਕਰਾਉਣਾ ਹੋਵੇਗਾ। ਉਨ੍ਹਾਂ ਦਾਅਵਾ ਕੀਤਾ ਕਿ ਜਵਾਹਰਲਾਲ ਨਹਿਰੂ ਤੋਂ ਲੈ ਕੇ ਰਾਜੀਵ ਗਾਂਧੀ ਤੱਕ ਕਾਂਗਰਸ ਦੇ ਸ਼ਾਹੀ ਪਰਿਵਾਰ ’ਚੋਂ ਹਰ ਕੋਈ ਰਾਖਵਾਂਕਰਨ ਦਾ ਕੱਟੜ ਵਿਰੋਧੀ ਰਿਹਾ ਹੈ ਅਤੇ ਜਦੋਂ ਤੱਕ ਪਾਰਟੀ ਸੱਤਾ ’ਚ ਸੀ ਤਾਂ ਉਸ ਨੇ ਇਸ ਦੇ ਪੱਖ ’ਚ ਉੱਠਣ ਵਾਲੀ ਹਰ ਆਵਾਜ਼ ਦਬਾ ਦਿੱਤੀ ਕਿਉਂਕਿ ਦਲਿਤ, ਓਬੀਸੀ ਤੇ ਕਬਾਇਲੀ ਸਮਾਜ ਉਸ ਸਮੇਂ ਖਿੰਡੇ ਹੋਏ ਸਨ। ਉਨ੍ਹਾਂ ਕਿਹਾ ਕਿ ਹੌਲੀ ਹੌਲੀ ਉਨ੍ਹਾਂ ਸਮਝਣਾ ਸ਼ੁਰੂ ਕਰ ਦਿੱਤਾ ਕਿ ਡਾ. ਅੰਬੇਡਕਰ ਨੇ ਕੀ ਕਿਹਾ ਸੀ ਅਤੇ ਕਈ ਰਾਜਾਂ ’ਚ ਕਾਂਗਰਸ ਨੂੰ ਚੁਣੌਤੀ ਦਿੰਦਿਆਂ ਮਿਲ ਕੇ ਖੜ੍ਹੇ ਹੋ ਗਏ। ਉਨ੍ਹਾਂ ਕਿਹਾ, ‘ਓਬੀਸੀ ਸਮਾਜ 1990 ਤੱਕ ਇਕਜੁੱਟ ਨਾ ਹੋ ਸਕਿਆ ਪਰ ਜਦੋਂ ਉਹ ਇਕੱਠੇ ਆਏ ਤਾਂ ਕਾਂਗਰਸ ਨੂੰ ਭਾਰੀ ਨੁਕਸਾਨ ਹੋਇਆ। ਉਸ ਮਗਰੋਂ ਕਾਂਗਰਸ ਪੂਰਨ ਬਹੁਮਤ ਨਾਲ ਆਪਣੀ ਸਰਕਾਰ ਨਾ ਬਣਾ ਸਕੀ। ਅੱਜ ਦੇਸ਼ ਦੇ ਸਿਰਫ਼ ਤਿੰਨ ਰਾਜਾਂ ’ਚ ਉਸ ਦੀ ਸਰਕਾਰ ਹੈ।
ਮੋਦੀ ਨੇ ਦਾਅਵਾ ਕੀਤਾ ਕਿ ਝਾਰਖੰਡ ਦੀ ਜਨਤਾ ਇਸ ਵਾਰ ਵਿਧਾਨ ਸਭਾ ਚੋਣਾਂ ਦੌਰਾਨ ਤਬਦੀਲੀ ਲਿਆਉਣਾ ਚਾਹੁੰਦੀ ਹੈ ਅਤੇ ਇਸ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਹਾਕਮ ਗੱਠਜੋੜ ਨੇ ਸੂਬੇ ਦੀ ਰੋਟੀ, ਬੇਟੀ ਤੇ ਮਿੱਟੀ ’ਤੇ ਹਮਲਾ ਕੀਤਾ ਹੈ। -ਪੀਟੀਆਈ
‘ਦੇਸ਼ ਵਿਰੋਧੀ ਤਾਕਤਾਂ ਸਮਾਜ ਨੂੰ ਵੰਡ ਰਹੀਆਂ ਨੇ’
ਅਹਿਮਦਾਬਾਦ:
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਕੁਝ ਦੇਸ਼ ਵਿਰੋਧੀ ਆਪਣੇ ਸਵਾਰਥ ਲਈ ਸਮਾਜ ਨੂੰ ਵੰਡਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਲੋਕਾਂ ਨੂੰ ਉਨ੍ਹਾਂ ਦੇ ਇਰਾਦੇ ਸਮਝਣ ਤੇ ਉਨ੍ਹਾਂ ਨੂੰ ਹਰਾਉਣ ਲਈ ਇਕਜੁੱਟ ਹੋਣ ਦਾ ਸੱਦਾ ਦਿੱਤਾ। ਉਨ੍ਹਾਂ ਗੁਜਰਾਤ ਦੇ ਖੇੜਾ ਜ਼ਿਲ੍ਹੇ ਦੇ ਵੜਤਾਲ ’ਚ ਸ੍ਰੀ ਸਵਾਮੀ ਨਾਰਾਇਣ ਮੰਦਰ ਦੀ 200ਵੀਂ ਵਰ੍ਹੇਗੰਢ ਮੌਕੇ ਸਮਾਗਮ ਨੂੰ ਡਿਜੀਟਲ ਢੰਗ ਨਾਲ ਸੰਬੋਧਨ ਕਰਦਿਆਂ ਕਿਹਾ ਕਿ 2047 ਤੱਕ ਭਾਰਤ ਨੂੰ ਵਿਕਸਿਤ ਰਾਸ਼ਟਰ ਬਣਾਉਣ ਲਈ ਏਕਤਾ ਤੇ ਅਖੰਡਤਾ ਅਹਿਮ ਹੈ। ਉਨ੍ਹਾਂ ਕਿਹਾ, ‘ਸਾਨੂੰ ਇਨ੍ਹਾਂ ਰਾਸ਼ਟਰ ਵਿਰੋਧੀਆਂ ਦੇ ਇਰਾਦਿਆਂ ਨੂੰ ਗੰਭੀਰਤਾ ਨਾਲ ਸਮਝਣਾ ਹੋਵੇਗਾ ਤੇ ਉਨ੍ਹਾਂ ਨੂੰ ਹਰਾਉਣ ਲਈ ਇਕਜੁੱਟ ਹੋਣਾ ਪਵੇਗਾ।’ -ਪੀਟੀਆਈ