ਮਰੀਆਨੀ (ਅਸਾਮ), 20 ਮਾਰਚ
ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਅੱਜ ਭਾਜਪਾ ’ਤੇ ਨਿਸ਼ਾਨਾ ਸਾਧਦਿਆਂ ਇਸ ’ਤੇ ਅਸਾਮ ਦੇ ਸੱਭਿਆਚਾਰ, ਭਾਸ਼ਾ, ਇਤਿਹਾਸ ਤੇ ਭਾਈਚਾਰੇ ’ਤੇ ਹਮਲਾ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਜੇਕਰ ਉਨ੍ਹਾਂ ਦੀ ਪਾਰਟੀ ਸੱਤਾ ’ਚ ਆਈ ਤਾਂ ਇਹ ਨਫ਼ਰਤ ਖਤਮ ਕਰ ਕੇ ਸ਼ਾਂਤੀ ਲਿਆਵੇਗੀ।
ਇੱਥੇ ਇੱਕ ਚੋਣ ਰੈਲੀ ਮੌਕੇ ਸੰਬੋਧਨ ਕਰਦਿਆਂ ਸ੍ਰੀ ਗਾਂਧੀ ਨੇ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਮੋਦੀ ਮੁਲਕ ਦੇ ਸਿਰਫ਼ ਦੋ-ਤਿੰਨ ਅਮੀਰ ਸਨਅਤਕਾਰਾਂ ਲਈ ਕੰਮ ਕਰ ਰਹੇ ਹਨ ਨਾ ਕਿ ਆਮ ਲੋਕਾਂ ਲਈ। ਉਨ੍ਹਾਂ ਅਸਾਮ ’ਚ ਸੱਤਾਧਾਰੀ ਭਾਜਪਾ ’ਤੇ ਵਰ੍ਹਦਿਆਂ ਕਿਹਾ ਕਿ ਸਾਰਾ ਸੂਬਾ ‘ਬਾਹਰਲਿਆਂ’ ਹਵਾਲੇ ਕੀਤਾ ਜਾ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਵੱਖ-ਵੱਖ ਥਾਵਾਂ ’ਤੇ ਵੱਖੋ-ਵੱਖਰੇ ਵਾਅਦੇ ਕਰਦੀ ਹੈ, ਪਰ ਉਨ੍ਹਾਂ ਨੂੰ ਪੂਰਾ ਨਹੀਂ ਕਰਦੀ। ਸ੍ਰੀ ਗਾਂਧੀ ਇੱਥੇ ਕਾਂਗਰਸੀ ਵਿਧਾਇਕ ਰੂਪਜਯੋਤੀ ਕੁਰਮੀ ਦੇ ਪੱਖ ’ਚ ਪ੍ਰਚਾਰ ਕਰਨ ਲਈ ਪੁੱਜੇ ਸਨ, ਜਿਨ੍ਹਾਂ ਦਾ ਸਿੱਧਾ ਮੁਕਾਬਲਾ ਭਾਜਪਾ ਦੇ ਰਾਮਾਨੀ ਤੰਤੀ ਨਾਲ ਹੈ। -ਪੀਟੀਆਈ
ਸਰਕਾਰ ਦੇ ਸ਼ਾਸਨਕਾਲ ’ਚ ਬੇਰੁਜ਼ਗਾਰੀ, ਮਹਿੰਗਾਈ ਤੇ ‘ਦੋਸਤਾਂ’ ਦੀ ਕਮਾਈ ਵਧੀ: ਰਾਹੁਲ
ਨਵੀਂ ਦਿੱਲੀ: ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਸਰਕਾਰ ’ਤੇ ਨਿਸ਼ਾਨਾ ਸਾਧਦਿਆਂ ਦੋਸ਼ ਲਾਇਆ ਕਿ ਇਸ ਦੇ ਸ਼ਾਸਨ ਕਾਲ ’ਚ ਬੇਰੁਜ਼ਗਾਰੀ, ਮਹਿੰਗਾਈ, ਗ਼ਰੀਬੀ ਅਤੇ ਇਸਦੇ ‘ਦੋਸਤਾਂ’ ਦੀ ਆਮਦਨ ’ਚ ਵਾਧਾ ਹੋਇਆ ਹੈ। ਉਨ੍ਹਾਂ ਇੱਕ ਮੀਡੀਆ ਰਿਪੋਰਟ ਦਾ ਹਵਾਲਾ ਦਿੱਤਾ ਜਿਸ ’ਚ ਇਹ ਦਾਅਵਾ ਕੀਤਾ ਗਿਆ ਸੀ ਕਿ ਕੋਵਿਡ- 19 ਮਹਾਮਾਰੀ ਆਉਣ ਤੋਂ ਪਹਿਲਾਂ ਮੁਲਕ ਵਿੱਚ 9.9 ਕਰੋੜ ਵਿਅਕਤੀ ਮੱਧ ਵਰਗ ਨਾਲ ਸਬੰਧਤ ਸਨ, ਜੋ ਇਸ ਮਗਰੋਂ ਘਟ ਕੇ 6.6 ਕਰੋੜ ਰਹਿ ਗਏ। -ਪੀਟੀਆਈ
ਅਸਾਮ ’ਚ ਛੇ ਜਨਤਕ ਰੈਲੀਆਂ ਨੂੰ ਸੰਬੋਧਨ ਕਰੇਗੀ ਪ੍ਰਿਯੰਕਾ ਗਾਂਧੀ
ਨਵੀਂ ਦਿੱਲੀ: ਕਾਂਗਰਸੀ ਆਗੂ ਰਾਹੁਲ ਗਾਂਧੀ ਵੱਲੋਂ ਅਸਾਮ ’ਚ ਜਨਤਕ ਰੈਲੀਆਂ ਨੂੰ ਸੰਬੋਧਨ ਕਰਨ ਤੋਂ ਇੱਕ ਦਿਨ ਮਗਰੋਂ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਮੁੜ ਦੋ ਦਿਨਾਂ ਲਈ ਸੂਬੇ ਦਾ ਦੌਰਾ ਕਰਦਿਆਂ ਛੇ ਜਨਤਕ ਰੈਲੀਆਂ ਨੂੰ ਸੰਬੋਧਨ ਕਰਨਗੇ। ਕਾਂਗਰਸੀ ਆਗੂਆਂ ਮੁਤਾਬਕ, ਪ੍ਰਿਯੰਕਾ ਗਾਂਧੀ ਜੋ ਉੱਤਰ ਪ੍ਰਦੇਸ਼ ਲਈ ਵੀ ਇੰਚਾਰਜ ਹਨ, 21 ਤੋਂ 22 ਮਾਰਚ ਤੱਕ ਅਸਾਮ ਦਾ ਦੌਰਾ ਕਰਨਗੇ। -ਆਈਏਐੱਨਐੱਸ