ਬੁਲੰਦਸ਼ਹਿਰ (ਯੂਪੀ), 14 ਨਵੰਬਰ
ਪ੍ਰਿਯੰਕਾ ਗਾਂਧੀ ਵਾਡਰਾ ਨੇ ਅੱਜ ਕਿਹਾ ਕਿ ਕਾਂਗਰਸ ਸਾਲ 2022 ਵਿੱਚ ਯੂਪੀ ਵਿਧਾਨ ਸਭਾ ਚੋਣਾਂ ਵਿੱਚ ਸਾਰੀਆਂ 403 ਸੀਟਾਂ ’ਤੇ ਇਕੱਲਿਆਂ ਹੀ ਚੋਣ ਲੜੇਗੀ ਅਤੇ ਜਿੱਤ ਹਾਸਲ ਕਰੇਗੀ। ਕਿਸੇ ਵੀ ਰਾਜਨੀਤਕ ਪਾਰਟੀ ਨਾਲ ਗੱਠਜੋੜ ਤੋਂ ਇਨਕਾਰ ਕਰਦਿਆਂ ਕਿਹਾ ਕਿ ਸਾਰੇ ਮੁਲਕ ਨੂੰ ਝੰਜੋੜਨ ਵਾਲੇ ਸਾਲ 2017 ਵਿੱਚ ਵਾਪਰੇ ਉਨਾਓ ਕਾਂਡ ਅਤੇ 2020 ਵਿੱਚ ਹਾਥਰਸ ਸਮੂਹਿਕ ਜਬਰ-ਜਨਾਹ ਤੇ ਕਤਲ ਕੇਸ ਸਮੇਂ ਸਮਾਜਵਾਦੀ ਪਾਰਟੀ ਅਤੇ ਬਸਪਾ ਦੇ ਆਗੂ ਕਿਤੇ ਵੀ ਵਿਰੋਧ ਕਰਦੇ ਵਿਖਾਈ ਨਹੀਂ ਦਿੱਤੇ ਜਦਕਿ ਸਿਰਫ਼ ਕਾਂਗਰਸ ਲੋਕਾਂ ਲਈ ਲੜ ਰਹੀ ਸੀ। ਇੱਥੇ ਅਨੂਪਸ਼ਹਿਰ ਵਿੱਚ ‘ਪ੍ਰਤਿਗਿਆ ਸੰਮੇਲਨ ਲਕਸ਼ਿਆ 2022’ ਮੌਕੇ ਸੰਬੋਧਨ ਕਰਦਿਆਂ ਪ੍ਰਿਯੰਕਾ ਗਾਂਧੀ ਨੇ ਪਾਰਟੀ ਲਈ ਯੂਪੀ ਚੋਣਾਂ ਦੀ ਮਹੱਤਤਾ ਬਾਰੇ ਦੱਸਦਿਆਂ ਇਨ੍ਹਾਂ ਨੂੰ ‘ਕਰੋ ਜਾਂ ਮਰੋ’ ਦੀ ਸਥਿਤੀ ਗਰਦਾਨਿਆ। ਉਨ੍ਹਾਂ ਕਿਹਾ ਕਿ ਚੋਣਾਂ ਸਿਰਫ਼ ਬੂਥ ਪੱਧਰ ’ਤੇ ਪਾਰਟੀ ਨੂੰ ਮਜ਼ਬੂਤ ਕਰ ਕੇ ਜਿੱਤੀਆਂ ਜਾ ਸਕਦੀਆਂ ਹਨ। ਉਨ੍ਹਾਂ ਕਾਂਗਰਸੀ ਵਰਕਰਾਂ ਨੂੰ ਬੂਥ ਕਮੇਟੀਆਂ ਨੂੰ ਮਜ਼ਬੂਤ ਬਣਾਉਣ ’ਤੇ ਜ਼ੋਰ ਦਿੱਤਾ। ਉਨ੍ਹਾਂ ਕਾਂਗਰਸੀ ਕਾਰਕੁਨਾਂ ਨੂੰ ਸੋਸ਼ਲ ਮੀਡੀਆ ’ਤੇ ਸਰਗਰਮ ਹੋਣ ਤੇ ਵੱਖ-ਵੱਖਰੇ ਪਲੇਟਫਾਰਮਾਂ ’ਤੇ ਪਾਰਟੀ ਦੀਆਂ ਗਤੀਵਿਧੀਆਂ ਬਾਰੇ ਦੱਸਣ ਲਈ ਕਿਹਾ। ਸੱਤਾਧਾਰੀ ਭਾਜਪਾ ’ਤੇ ਨਿਸ਼ਾਨਾ ਸੇਧਦਿਆਂ ਪ੍ਰਿਯੰਕਾ ਗਾਂਧੀ ਨੇ ਕਿਹਾ ਕਿ ਪਾਰਟੀ ਆਜ਼ਾਦੀ ਲਹਿਰ ਦਾ ਸਤਿਕਾਰ ਨਹੀਂ ਕਰਦੀ ਕਿਉਂਕਿ ਇਸਦੇ ਆਗੂਆਂ ਨੇ ਮੁਲਕ ਦੀ ਆਜ਼ਾਦੀ ਲਈ ਆਪਣਾ ਖ਼ੂਨ ਤੇ ਪਸੀਨਾ ਨਹੀਂ ਵਹਾਇਆ। ਉਨ੍ਹਾਂ ਕਿਹਾ ਕਿ ਸਿਰਫ਼ ਮਹਾਤਮਾ ਗਾਂਧੀ, ਜਵਾਹਰਲਾਲ ਨਹਿਰੂ, ਸਰਦਾਰ ਵੱਲਭਭਾਈ ਪਟੇਲ ਅਤੇ ਬੀ ਆਰ ਅੰਬੇਦਕਰ ਨੇ ਮੁਲਕ ਦੀ ਆਜ਼ਾਦੀ ਦਾ ਸੁਪਨਾ ਲਿਆ। -ਪੀਟੀਆਈ