ਖੰਮਮ (ਤਿਲੰਗਾਨਾ), 2 ਜੁਲਾਈ
ਤਿਲੰਗਾਨਾ ਦੇ ਮੁੱਖ ਮੰਤਰੀ ਕੇ ਚੰਦਰਸ਼ੇਖਰ ਰਾਓ ’ਤੇ ਤਿੱਖਾ ਹਮਲਾ ਬੋਲਦਿਆਂ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਉਨ੍ਹਾਂ ਦਾ ਰਿਮੋਟ ਕੰਟਰੋਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਹੈ। ਉਨ੍ਹਾਂ ਪ੍ਰਦੇਸ਼ ਹੁਕਮਰਾਨ ਪਾਰਟੀ ਨੂੰ ‘ਭਾਜਪਾ ਦੀ ਬੀ-ਟੀਮ ਕਰਾਰ’ ਦਿੱਤਾ ਅਤੇ ਕਿਹਾ ਕਿ ਬੀਆਰਐੱਸ ਦਾ ਮਤਲਬ ‘ਬੀਜੇਪੀ ਰਿਸ਼ਤੇਦਾਰ ਸਮਿਤੀ’ ਹੈ। ਰਾਹੁਲ ਨੇ ਕਿਹਾ ਕਿ ਉਨ੍ਹਾਂ ਬਾਕੀ ਸਾਰੀਆਂ ਹੋਰ ਵਿਰੋਧੀ ਧਿਰਾਂ ਨੂੰ ਆਖ ਦਿੱਤਾ ਹੈ ਕਿ ਜੇਕਰ ਬੀਆਰਐੱਸ ਕਿਸੇ ਧੜੇ ’ਚ ਸ਼ਾਮਲ ਹੁੰਦੀ ਹੈ ਤਾਂ ਕਾਂਗਰਸ ਉਸ ’ਚ ਸ਼ਾਮਲ ਨਹੀਂ ਹੋਵੇਗੀ। ਇਥੇ ਰੈਲੀ ਨੂੰ ਸੰਬੋਧਨ ਕਰਦਿਆਂ ਕਾਂਗਰਸ ਆਗੂ ਨੇ ਕਿਹਾ ਕਿ ਕੇਸੀਆਰ ਆਪਣੇ ਆਪ ਨੂੰ ਸ਼ਹਿਨਸ਼ਾਹ ਅਤੇ ਤਿਲੰਗਾਨਾ ਨੂੰ ਆਪਣੀ ਰਿਆਸਤ ਸਮਝਦਾ ਹੈ। ‘ਕਾਂਗਰਸ ਨੇ ਸੰਸਦ ’ਚ ਭਾਜਪਾ ਖ਼ਿਲਾਫ਼ ਹਮੇਸ਼ਾ ਆਵਾਜ਼ ਬੁਲੰਦ ਕੀਤੀ ਹੈ ਪਰ ਰਾਓ ਦੀ ਪਾਰਟੀ ‘ਭਾਜਪਾ ਦੀ ਬੀ-ਟੀਮ’ ਹੈ।’ ਉਨ੍ਹਾਂ ਕਿਹਾ ਕਿ ਕਰਨਾਟਕ ਵਾਂਗ ਤਿਲੰਗਾਨਾ ’ਚ ਵੀ ਸੱਤਾ ਬਦਲਣ ਵਾਲੀ ਹੈ। ਰਾਹੁਲ ਨੇ ਕਿਹਾ ਕਿ ਪਹਿਲਾਂ ਆਖਿਆ ਜਾਂਦਾ ਸੀ ਕਿ ਤਿਲੰਗਾਨਾ ’ਚ ਤਿੰਨ ਧਿਰੀ ਮੁਕਾਬਲਾ ਹੈ ਪਰ ਭਾਜਪਾ ਦੇ ਚਾਰੋਂ ਟਾਇਰ ਪੰਕਚਰ ਹੋ ਗਏ ਹਨ ਅਤੇ ਹੁਣ ਸਿਰਫ਼ ਕਾਂਗਰਸ ਅਤੇ ਭਾਜਪਾ ਦੀ ਬੀ-ਟੀਮ ਵਿਚਕਾਰ ਮੁਕਾਬਲਾ ਰਹਿ ਗਿਆ ਹੈ।
ਰਾਹੁਲ ਨੇ ਪਾਰਟੀ ਵਰਕਰਾਂ ਨੂੰ ‘ਬੱਬਰ ਸ਼ੇਰ’ ਤੇ ਪਾਰਟੀ ਦੀ ‘ਰੀੜ੍ਹ ਦੀ ਹੱਡੀ’ ਕਰਾਰ ਦਿੱਤਾ ਅਤੇ ਕਿਹਾ ਕਿ ਉਨ੍ਹਾਂ ਦੀ ਹਮਾਇਤ ਨਾਲ ਕਰਨਾਟਕ ’ਚ ਭਾਜਪਾ ਵਾਂਗ ਤਿਲੰਗਾਨਾ ’ਚ ਬੀਆਰਐੱਸ ਨੂੰ ਹਰਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਜੋੜੋ ਯਾਤਰਾ ਦੌਰਾਨ ਕਾਂਗਰਸ ਨੂੰ ਭਾਰੀ ਹਮਾਇਤ ਮਿਲੀ ਸੀ ਅਤੇ ਉਹ ਦੇਸ਼ ਨੂੰ ਜੋੜਨ ਦੀ ਵਿਚਾਰਧਾਰਾ ਲੈ ਕੇ ਚਲਦੇ ਰਹਿਣਗੇ। -ਪੀਟੀਆਈ