ਨਵੀਂ ਦਿੱਲੀ, 13 ਜੁਲਾਈ
ਕਾਂਗਰਸ ਨੇ ਅੱਜ ਕਿਹਾ ਕਿ ਉਹ ਉੱਤਰਾਖੰਡ ਦੇ ਲੋਕਾਂ ਨਾਲ ਰਾਬਤਾ ਬਣਾਉਣ ਲਈ ਸੂਬੇ ਭਰ ’ਚ ਪੈਦਲ ਯਾਤਰਾ ਕਰੇਗੀ ਤੇ ਇਸ ਦੌਰਾਨ ਅਗਨੀਵੀਰ ਯੋਜਨਾ ਦਾ ਮੁੱਦਾ ਚੁੱਕੇਗੀ। ਇਹ ਗੱਲ ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ ਤੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਉੱਤਰਾਖੰਡ ਦੇ ਆਗੂਆਂ ਨਾਲ 2024 ਦੀਆਂ ਲੋਕ ਸਭਾ ਚੋਣਾਂ ਸਬੰਧੀ ਗੱਲਬਾਤ ਕਰਦਿਆਂ ਕਹੀ।
ਖੜਗੇ ਤੇ ਰਾਹੁਲ ਗਾਂਧੀ ਨੂੰ ਅੱਜ ਮਿਲਣ ਵਾਲੇ ਉੱਤਰਾਖੰਡ ਦੇ ਆਗੂਆਂ ਵਿੱਚ ਸਾਬਕਾ ਮੁੱਖ ਮੰਤਰੀ ਹਰੀਸ਼ ਰਾਵਤ, ਕਾਂਗਰਸ ਦੇ ਸੂਬਾ ਪ੍ਰਧਾਨ ਕਰਨ ਮਹਾਰਾ ਤੇ ਕਾਂਗਰਸ ਦੇ ਸੂਬਾ ਇੰਚਾਰਜ ਦੇਵੇਂਦਰ ਯਾਦਵ ਤੋਂ ਇਲਾਵਾ ਜਨਰਲ ਸਕੱਤਰ (ਜਥੇਬੰਦਕ) ਕੇਸੀ ਵੇਣੂਗੋਪਾਲ ਅਤੇ ਹੋਰ ਸੀਨੀਅਰ ਆਗੂ ਵੀ ਹਾਜ਼ਰ ਸਨ।
ਉੱਤਰਾਖੰਡ ਦੀ ਕਾਂਗਰਸ ਇਕਾਈ ਨੂੰ ਸੁਨੇਹਾ ਦਿੰਦਿਆਂ ਕਿਹਾ ਕਿ ਕਾਂਗਰਸ ਪਹਾੜੀ ਰਾਜਾਂ ਵਿੱਚ ਵਾਤਾਵਰਣ ਪੱਖੀ ਵਿਕਾਸ ਕਰਵਾਉਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਪਾਰਟੀ ਹੜ੍ਹਾਂ ਲਈ ਕੰਮ ਕਰੇਗੀ ਅਤੇ ਲੋਕਾਂ ਦੇ ਹੱਕਾਂ ਲਈ ਆਵਾਜ਼ ਵੀ ਉਠਾਉਂਦੀ ਰਹੇਗੀ। ਖੜਗੇ ਨੇ ਟਵੀਟ ਕੀਤਾ, ‘ਦੇਵਭੂਮੀ ਉਤਰਾਖੰਡ ਅੱਜ ਇੱਕ ਨਵੀਂ ਚੁਣੌਤੀ ਦਾ ਸਾਹਮਣਾ ਕਰ ਰਹੀ ਹੈ। ਸੂਬੇ ਵਿਚਲੇ ਸਾਡੇ ਆਗੂ ਤੇ ਵਰਕਰ ਮਜ਼ਬੂਤ ਵਿਰੋਧੀ ਧਿਰ ਦੀ ਭੂਮਿਕਾ ਨਿਭਾ ਰਹੇ ਹਨ ਤੇ ਭਾਜਪਾ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਨੂੰ ਉਭਾਰ ਰਹੇ ਹਨ। ਸਾਡੀ ਕੋਸ਼ਿਸ਼ ਹੈ ਕਿ ਉੱਤਰਾਖੰਡ ਦੇ ਸਾਰੇ ਲੋਕ ਮਿਲ ਕੇ ਰਹਿਣ। ਕਾਂਗਰਸ ਲਗਾਤਾਰ ਸਮਾਜ ਦੇ ਕਮਜ਼ੋਰ ਵਰਗ ਦੀ ਆਵਾਜ਼ ਉਠਾਉਂਦੀ ਰਹੀ ਹੈ।’ ਇਸ ਦੌਰਾਨ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਫੇਸਬੁੱਕ ਪੋਸਟ ਵਿੱਚ ਕਿਹਾ, ‘ਕਾਂਗਰਸ ਪੈਦਲ ਯਾਤਰਾ ਕਰਕੇ ਉੱਤਰਾਖੰਡ ਦੇ ਲੋਕਾਂ ਨਾਲ ਰਾਬਤਾ ਕਾਇਮ ਕਰੇਗੀ ਅਤੇ ਅਗਨੀਪਥ ਯੋਜਨਾ ਤੇ ਮਹਿਲਾਵਾਂ ਖ਼ਿਲਾਫ਼ ਅਪਰਾਧ ਸਮੇਤ ਉੱਤਰਾਖੰਡ ਦੇ ਲੋਕਾਂ ਦੇ ਹੋਰ ਮਸਲੇ ਚੁੱਕੇਗੀ।’ ਮੀਟਿੰਗ ਮਗਰੋਂ ਦੇਵੇਂਦਰ ਯਾਦਵ ਤੇ ਕਰਨ ਮਹਾਰਾ ਨੇ ਕਿਹਾ ਕਿ ਉਨ੍ਹਾਂ ਪਾਰਟੀ ਲੀਡਰਸ਼ਿਪ ਨਾਲ 2024 ਦੀਆਂ ਲੋਕ ਸਭਾ ਚੋਣਾਂ ਸਬੰਧੀ ਵਿਚਾਰ ਚਰਚਾ ਕੀਤੀ ਹੈ। -ਪੀਟੀਆਈ
ਨੌਜਵਾਨਾਂ ਦੇ ਹੱਕ ਤੇ ਰੁਜ਼ਗਾਰ ਚੋਰੀ ਕਰ ਰਹੀ ਹੈ ਭਾਜਪਾ: ਰਾਹੁਲ
ਨਵੀਂ ਦਿੱਲੀ/ਭੋਪਾਲ: ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਦੋਸ਼ ਲਾਇਆ ਕਿ ਭਾਜਪਾ ਨੇ ਪਹਿਲਾਂ ਮੱਧ ਪ੍ਰਦੇਸ਼ ’ਚ ਲੋਕਾਂ ਦੀ ਚੁਣੀ ਹੋਈ ਸਰਕਾਰ ਚੋਰੀ ਕਰ ਲਈ ਤੇ ਹੁਣ ਉਹ ਸੂਬੇ ’ਚ ਵਿਦਿਆਰਥੀਆਂ ਦੇ ਹੱਕ ਤੇ ਰੁਜ਼ਗਾਰ ਦੇ ਮੌਕੇ ਚੋਰੀ ਕਰ ਰਹੀ ਹੈ। ਉੱਧਰ ਮੱਧ ਪ੍ਰਦੇਸ਼ ਐਂਪਲਾਈਜ਼ ਸਿਲੈਕਸ਼ਨ ਬੋਰਡ (ਐੱਮਪੀਐੱਸਈਬੀ) ਵੱਲੋਂ 26 ਅਪਰੈਲ ਨੂੰ ਪਟਵਾਰੀਆਂ ਦੀ ਭਰਤੀ ਲਈ ਗਈ ਪ੍ਰੀਖਿਆ ’ਚ ਕਥਿਤ ਬੇਨਿਯਮੀਆਂ ਖ਼ਿਲਾਫ਼ ਭੋਪਾਲ ਤੇ ਇੰਦੋਰ ਸਮੇਤ ਸਾਰੇ ਸੂਬੇ ’ਚ ਨੌਜਵਾਨਾਂ ਵੱਲੋਂ ਰੋਸ ਮੁਜ਼ਾਹਰੇ ਕੀਤੇ ਜਾ ਰਹੇ ਹਨ। ਇਸ ਸਬੰਧੀ ਵੀਡੀਓ ਟਵਿੱਟਰ ’ਤੇ ਸਾਂਝੀ ਕਰਦਿਆਂ ਰਾਹੁਲ ਨੇ ਕਿਹਾ, ‘ਮੱਧ ਪ੍ਰਦੇਸ਼ ’ਚ ਭਾਜਪਾ ਨੇ ਨੌਜਵਾਨਾਂ ਤੋਂ ਸਿਰਫ਼ ਚੋਰੀ ਕੀਤੀ ਹੈ। ਪਟਵਾਰੀ ਪ੍ਰੀਖਿਆ ਘੁਟਾਲਾ, ਵਿਆਪਮ ਘੁਟਾਲਾ 2.0 ਹੈ, ਜੋ ਸੂਬੇ ਦੇ ਲੱਖਾਂ ਨੌਜਵਾਨਾਂ ਦੇ ਭਵਿੱਖ ਨਾਲ ਖਿਲਵਾੜ ਹੈ।’ ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਟਵੀਟ ਕੀਤਾ, ‘ਮੱਧ ਪ੍ਰਦੇਸ਼ ’ਚ ਭਾਜਪਾ ਦੇ ਕਾਰਜਕਾਲ ਵਿੱਚ ਇੱਕ ਤੋਂ ਬਾਅਦ ਇੱਕ ਘੁਟਾਲਾ ਹੋਇਆ ਹੈ ਅਤੇ ਹੁਣ ਵੀ ਹੋ ਰਹੇ ਹਨ। ਪਟਵਾਰੀ ਪ੍ਰੀਖਿਆ ਘੁਟਾਲਾ ਸਭ ਤੋਂ ਨਵਾਂ ਮਾਮਲਾ ਹੈ। ਹਰ ਰੈਲੀ ਵਿੱਚ ਭ੍ਰਿਸ਼ਟਾਚਾਰ ’ਤੇ ਪ੍ਰਵਚਨ ਦੇਣ ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੀ ਨੌਜਵਾਨਾਂ ਦੇ ਭਵਿੱਖ ਨਾਲ ਖਿਲਵਾੜ ਕਰਨ ਵਾਲੇ ਇਸ ਘੁਟਾਲੇ ਦੀ ਜਾਂਚ ਕਰਵਾਉਣਗੇ।’ ਇਸੇ ਦੌਰਾਨ ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਨੇ ਟਵੀਟ ਕੀਤਾ, ‘ਭਾਜਪਾ ਸਰਕਾਰ ਦੀ ਅਗਵਾਈ ਹੇਠਲੇ ਮੱਧ ਪ੍ਰਦੇਸ਼ ’ਚੋਂ ਇੱਕ ਹੋਰ ਘਪਲੇ ਦੀ ਖ਼ਬਰ ਆਈ ਹੈ। ਇਹ ਖ਼ਬਰਾਂ ਨੌਕਰੀਆਂ ਲਈ ਲੱਖਾਂ ਰੁਪਏ ਦੀ ਬੋਲੀ ਲੱਗਣ ਬਾਰੇ ਹੈ। ਸਰਕਾਰ ਇਸ ਸਬੰਧੀ ਜਾਂਚ ਤੋਂ ਭੱਜ ਕਿਉਂ ਰਹੀ ਹੈ?’ -ਪੀਟੀਆਈ
ਕਾਂਗਰਸ ਆਗੂਆਂ ਵੱਲੋਂ ਚੋਣ ਆਧਾਰਿਤ ਸੂਬਿਆਂ ’ਚ ਰਣਨੀਤੀ ਬਾਰੇ ਚਰਚਾ
ਨਵੀਂ ਦਿੱਲੀ: ਕਾਂਗਰਸ ਨੇ ਪੰਜ ਚੋਣ ਆਧਾਰਿਤ ਰਾਜਾਂ ’ਚ ਆਪਣੇ ਸੋਸ਼ਲ ਮੀਡੀਆ ਤੇ ਮੀਡੀਆ ਵਿੰਗਾਂ ਦੇ ਮੁਖੀਆਂ ਨਾਲ ਮੀਟਿੰਗ ਕੀਤੀ ਜਿਸ ਵਿਚ ਪਾਰਟੀ ਨਾਲ ਸਬੰਧਤ ਸੰਦੇਸ਼ ਤੇ ਵਿਚਾਰ ਜ਼ਮੀਨੀ ਪੱਧਰ ’ਤੇ ਪਹੁੰਚਾਉਣ ’ਤੇ ਜ਼ੋਰ ਦਿੱਤਾ ਗਿਆ। ਪਾਰਟੀ ਦੇ ਜਥੇਬੰਦਕ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਨੇ ਮੱਧ ਪ੍ਰਦੇਸ਼, ਤਿਲੰਗਾਨਾ, ਰਾਜਸਥਾਨ, ਛੱਤੀਸਗੜ੍ਹ ਤੇ ਮਿਜ਼ੋਰਮ ਦੇ ਕਾਂਗਰਸ ਦੇ ਸੋਸ਼ਲ ਮੀਡੀਆ ਤੇ ਮੀਡੀਆ ਵਿਭਾਗਾਂ ਦੇ ਮੁਖੀਆਂ ਨਾਲ ਮੀਟਿੰਗ ਕੀਤੀ। ਮੀਟਿੰਗ ’ਚ ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼, ਪਾਰਟੀ ਦੇ ਮੀਡੀਆ ਵਿਭਾਗ ਦੇ ਮੁਖੀ ਪਵਨ ਖੇੜਾ ਅਤੇ ਕੁਝ ਹੋਰ ਆਗੂ ਹਾਜ਼ਰ ਸਨ। ਪਵਨ ਖੇੜਾ ਨੇ ਕਿਹਾ, ‘ਪੰਜ ਰਾਜਾਂ ਦੇ ਇੰਚਾਰਜਾਂ, ਸੂਬਾ ਪ੍ਰਧਾਨਾਂ ਤੇ ਸੋਸ਼ਲ ਮੀਡੀਆ ਤੇ ਮੀਡੀਆ ਵਿਭਾਗਾਂ ਦੇ ਮੁਖੀ ਮੀਟਿੰਗ ’ਚ ਹਾਜ਼ਰ ਰਹੇ। ਹਰ ਸੂਬੇ ਨੇ ਆਪਣੇ ਵਿਚਾਰ ਰੱਖੇ। ਅਸੀਂ ਚੋਣਾਂ ’ਚ ਕਿਵੇਂ ਅੱਗੇ ਵੱਧ ਰਹੇ ਹਾਂ, ਪਾਰਟੀ ਦਾ ਸੁਨੇਹਾ ਕਿਵੇਂ ਬੂਥ ਪੱਧਰ ’ਤੇ ਲਿਜਾਇਆ ਜਾਵੇ, ਇਸ ਬਾਰੇ ਚਰਚਾ ਕੀਤੀ ਗਈ।’ -ਪੀਟੀਆਈ