ਨਵੀਂ ਦਿੱਲੀ/ਬਰੇਲੀ, 19 ਜੂਨ
ਕਾਂਗਰਸ ਨੇ ਅੱਜ ਕਿਹਾ ਕਿ ਨੌਜਵਾਨ ਵਿਰੋਧੀ ‘ਅਗਨੀਪਥ’ ਯੋਜਨਾ ਅਤੇ ਮੋਦੀ ਸਰਕਾਰ ਦੀ ਰਾਹੁਲ ਗਾਂਧੀ ਖ਼ਿਲਾਫ਼ ਬਦਲਾਲਊ ਸਿਆਸਤ ਦੇ ਵਿਰੋਧ ਵਿੱਚ ਦੇਸ਼ ਭਰ ’ਚ ਲੱਖਾਂ ਕਾਂਗਰਸ ਵਰਕਰ ਭਲਕੇ 20 ਜੂਨ ਨੂੰ ਸੜਕਾਂ ’ਤੇ ਉੱਤਰਨਗੇ। ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਕਿ ਕਾਂਗਰਸ ਆਗੂਆਂ ਦਾ ਵਫ਼ਦ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਮਿਲ ਕੇ ਦਿੱਲੀ ਪੁਲੀਸ ਵੱਲੋਂ ਪਾਰਟੀ ਦੇ ਸੰਸਦ ਮੈਂਬਰਾਂ ਨੂੰ ਤੰਗ ਪ੍ਰੇਸ਼ਾਨ ਕੀਤੇ ਜਾਣ ਦਾ ਮਸਲਾ ਵੀ ਉਠਾਏਗਾ। ਉਨ੍ਹਾਂ ਕਿਹਾ, ‘ਭਲਕੇ ਲੱਖਾਂ ਦੀ ਗਿਣਤੀ ’ਚ ਕਾਂਗਰਸ ਵਰਕਰ ਦੇਸ਼ ਭਰ ’ਚ ਅਗਨੀਪਥ ਯੋਜਨਾ ਤੇ ਮੋਦੀ ਸਰਕਾਰ ਦੀ ਕਾਂਗਰਸ ਆਗੂ ਰਾਹੁਲ ਗਾਂਧੀ ਖ਼ਿਲਾਫ਼ ਕੀਤੀ ਜਾ ਰਹੀ ਸਿਆਸਤ ਦੇ ਵਿਰੋਧ ਵਿੱਚ ਸ਼ਾਂਤਮਈ ਰੋਸ ਮੁਜ਼ਾਹਰਾ ਕਰਨਗੇ।’ ਇਤਿਹਾਦ-ਏ-ਮਿੱਲਤ ਕੌਂਸਲ ਵੱਲੋਂ ਯੂਪੀ ਦੇ ਬਰੇਲੀ ’ਚ ਭਾਜਪਾ ਦੀ ਮੁਅੱਤਲ ਆਗੂ ਨੂੁਪੁਰ ਸ਼ਰਮਾ ਦੀ ਗ੍ਰਿਫ਼ਤਾਰੀ ਦੀ ਮੰਗ ਲਈ ਧਰਨਾ ਦਿੱਤਾ ਗਿਆ। ਇੱਥੇ ਇਕੱਠ ਨੂੰ ਸੰਬੋਧਨ ਕਰਦਿਆਂ ਕੌਂਸਿਲ ਦੇ ਪ੍ਰਧਾਨ ਮੌਲਾਨਾ ਤੌਕੀਰ ਰਜ਼ਾ ਖਾਨ ਨੇ ਵਿਵਾਦਤ ਬਿਆਨ ਲਈ ਨੂਪੁਰ ਦੀ ਨਿਖੇਧੀ ਕਰਦਿਆਂ ਉਸਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਵੱਲੋਂ ਨੂਪੁਰ ਸ਼ਰਮਾ ਦੀ ਗ੍ਰਿਫ਼ਤਾਰੀ ਦੀ ਮੰਗ ਸਮੇਤ ਉਨ੍ਹਾਂ ਦੀਆਂ ਹੋਰ ਮੰਗਾਂ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ। -ਪੀਟੀਆਈ
‘ਅਗਨੀਵੀਰ’ ਜਿਹੀਆਂ ਯੋਜਨਾਵਾਂ ਦਾ ਕੋਈ ਫਾਇਦਾ ਨਹੀਂ: ਠਾਕਰੇ
ਮੁੰਬਈ: ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੇ ਕੇਂਦਰ ਸਰਕਾਰ ਦੀ ਆਲੋਚਨਾ ਕਰਦਿਆਂ ਕਿਹਾ ਕਿ ਜੇਕਰ ਨੌਜਵਾਨਾਂ ਕੋਲ ਕੋਈ ਰੁਜ਼ਗਾਰ ਨਹੀਂ ਹੈ ਤਾਂ ਭਗਵਾਨ ਰਾਮ ਬਾਰੇ ਗੱਲ ਕਰਨ ਦਾ ਕੋਈ ਫਾਇਦਾ ਨਹੀਂ। ਉਨ੍ਹਾਂ ਕਿਹਾ, ‘ਯੋਜਨਾਵਾਂ ਨੂੰ ‘ਅਗਨੀਵੀਰ’ ਤੇ ‘ਅਗਨੀਪਥ’ ਜਿਹੇ ਨਾਂ ਕਿਉਂ ਦਿੱਤੇ ਜਾ ਰਹੇ ਨੇ, ਜੇ ਉਨ੍ਹਾਂ ਦਾ ਕੋਈ ਮਤਲਬ ਹੀ ਨਹੀਂ ਹੈ। 17 ਤੋਂ 21 ਸਾਲ ਦੇ ਨੌਜਵਾਨ ਚਾਰ ਸਾਲ ਮਗਰੋਂ ਕੀ ਕਰਨਗੇ?’ ਉਨ੍ਹਾਂ ਕਿਹਾ, ‘ਫੌਜੀਆਂ ਨੂੰ ਠੇਕੇ ’ਤੇ ਰੱਖਣਾ ਖਤਰਨਾਕ ਹੈ ਅਤੇ ਨੌਜਵਾਨਾਂ ਦੀ ਭਾਵਨਾਵਾਂ ਤੇ ਜ਼ਿੰਦਗੀ ਨਾਲ ਖੇਡਣਾ ਗਲਤ ਹੈ। ਭਗਵਾਨ ਰਾਮ ਬਾਰੇ ਗੱਲ ਕਰਨ ਦਾ ਕੋਈ ਫਾਇਦਾ ਨਹੀਂ ਜੇ ਨੌਜਵਾਨਾਂ ਕੋਲ ਕੋਈ ਰੁਜ਼ਗਾਰ ਨਹੀਂ ਹੈ।’ -ਪੀਟੀਆਈ
ਰੋਸ ਮੁਜ਼ਾਹਰਿਆਂ ਦੇ ਦੋਸ਼ ਹੇਠ ਨੌਂ ਗ੍ਰਿਫ਼ਤਾਰ
ਲਖਨਊ: ਯੂਪੀ ਪੁਲੀਸ ਨੇ ਮੁਜ਼ਾਹਰੇ ਕਰਨ ਅਤੇ ਨੌਜਵਾਨਾਂ ਨੂੰ ਅਗਨੀਪਥ ਯੋਜਨਾ ਖ਼ਿਲਾਫ਼ ਭੜਕਾਉਣ ਦੇ ਦੋਸ਼ ਹੇਠ ਨੌਂ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਸਹਾਰਨਪੁਰ, ਭਦੋਹੀ ਤੇ ਦਿਓਰੀਆ ਜ਼ਿਲ੍ਹਿਆਂ ’ਚੋਂ ਕਈ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਹੈ। ਸਹਾਰਨਪੁਰ ’ਚ ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਵੱਖ ਵੱਖ ਸਿਆਸੀ ਪਾਰਟੀਆਂ ਨਾਲ ਸਬੰਧਤ ਦੱਸੇ ਜਾ ਰਹੇ ਹਨ। -ਪੀਟੀਆਈ