ਨਵੀਂ ਦਿੱਲੀ, 10 ਸਤੰਬਰ
ਸਰਕਾਰ ਵਾਹਨਾਂ ਦੀ ‘ਉਮਰ’ ਦੀ ਬਜਾਇ ਉਨ੍ਹਾਂ ਤੋਂ ਫੈਲਣ ਵਾਲੇ ਪ੍ਰਦੂਸ਼ਣ ਦੇ ਅਧਾਰ ’ਤੇ ਉਨ੍ਹਾਂ ਨੂੰ ਕਬਾੜ ’ਚ ਬਦਲਣ ਦੀ ਨੀਤੀ ’ਤੇ ਕੰਮ ਕਰ ਰਹੀ ਹੈ। ਭਾਰਤੀ ਵਾਹਨ ਨਿਰਮਾਤਾ ਸੁਸਾਟਿਈ (ਐੱਸਆਈਏਐੱਮ) ਦੀ ਸਾਲਾਨਾ ਕਨਵੈਨਸ਼ਨ ’ਚ ਸੜਕ ਆਵਾਜਾਈ ਤੇ ਰਾਜਮਾਰਗ ਮੰਤਰਾਲੇ ਦੇ ਸਕੱਤਰ ਅਨੁਰਾਗ ਜੈਨ ਨੇ ਆਟੋਮੋਬਾਈਲ ਇੰਡਸਟਰੀ ਨੂੰ ਪ੍ਰਦੂਸ਼ਣ ਜਾਂਚ ਪ੍ਰੋਗਰਾਮ ਨੂੰ ‘ਭਰੋਸੇਮੰਦ’ ਬਣਾਉਣ ’ਚ ਸਰਕਾਰ ਦੀ ਮਦਦ ਕਰਨ ਲਈ ਆਖਿਆ।
ਜੈਨ ਮੁਤਾਬਕ, ‘ਜਦੋਂ ਤੁਸੀਂ 15 ਸਾਲ ਪੁਰਾਣੇ ਵਾਹਨ ਨੂੰ ਕਬਾੜ ’ਚ ਬਦਲਣ ਦੀ ਲਾਜ਼ਮੀ ਕਰਨ ਵਾਲੀ ਨੀਤੀ ਲਿਆਉਂਦੇ ਹੋ ਤਾਂ ਲੋਕਾਂ ਦਾ ਸਵਾਲ ਹੁੰਦਾ ਹੈ ਕਿ ਜੇ ਉਨ੍ਹਾਂ ਨੇ ਆਪਣੇ ਵਾਹਨ ਦੀ ਚੰਗੀ ਤਰ੍ਹਾਂ ਸਾਂਭ ਸੰਭਾਲ ਕੀਤੀ ਹੈ ਤਾਂ ਉਨ੍ਹਾਂ ਦਾ ਵਾਹਨ ਕਬਾੜ ’ਚ ਕਿਉਂ ਬਦਲਿਆ ਜਾਵੇ। ਤੁਸੀਂ ਇਸ ਨੂੰ ਲਾਜ਼ਮੀ ਨਹੀਂ ਬਣਾ ਸਕਦੇ।’ ਉਨ੍ਹਾਂ ਆਖਿਆ ਕਿ ਅਜਿਹੀਆਂ ਸਥਿਤੀਆਂ ’ਤੇ ਵਿਚਾਰ ਕਰਨ ਲਈ ਸਰਕਾਰ ਇਸ ਪੜਚੋਲ ਸਿਰਫ ਪ੍ਰਦੂਸ਼ਣ ਦੇ ਲਿਹਾਜ਼ ਤੋਂ ਕਰ ਰਹੀ ਹੈ। ਜੈਨ ਨੇ ਆਖਿਆ, ‘ਸਰਕਾਰ ਇਸ ਲਈ ਨੀਤੀ ’ਤੇ ਕੰਮ ਕਰ ਰਹੀ ਹੈ। ਕੀ ਅਸੀਂ ਬੀਐੱਸ-2 ਤੋਂ ਪਹਿਲਾਂ ਦਾ ਜ਼ਿਕਰ ਕਰ ਸਕਦੇ ਹਾਂ? ਅਸੀਂ ਉਮਰ ਦੀ ਗੱਲ ਨਹੀਂ ਕਰ ਰਹੇ ਹਾਂ। ਕੀ ਅਸੀਂ ਵਾਹਨ ਪ੍ਰਦੂਸ਼ਣ ਲਈ ਕੋਈ ਮਿਆਦ ਤੈਅ ਕਰ ਸਕਦੇ ਹਾਂ।’ ਹਾਲਾਂਕਿ ਉਨ੍ਹਾਂ ਨੇ ਉਦਯੋਗ ਨੂੰ ਇਹ ਯਕੀਨੀ ਬਣਾਉਣ ਲਈ ਆਖਿਆ ਕਿ ਇਸ ਸਥਿਤੀ ਵਿੱਚ ਵੀ ਪ੍ਰਦੂਸ਼ਣ ਜਾਂਚ ਭਰੋਸੇਮੰਦ ਹੋਵੇ। ਸਕੱਤਰ ਨੇ ਕਿਹਾ, ‘ਮੈਂ ਤੁਹਾਨੂੰ ਅਪੀਲ ਕਰਾਂਗਾ ਕਿ ਪ੍ਰਦੂਸ਼ਣ ਜਾਂਚ ਦਾ ਪ੍ਰੋਗਰਾਮ ਬਣਾਉਣ ’ਚ ਸਾਡੀ ਮਦਦ ਕਰੋ। ਸਾਨੂੰ ਪਤਾ ਹੈ ਕਿ ਹੁਣ ਕਿਵੇਂ ਸਰਟੀਫਿਕੇਟ ਪ੍ਰਾਪਤ ਕੀਤੇ ਜਾਂਦੇ ਹਨ। ਇਸ ਕਰਕੇ ਅਜਿਹੇ ’ਚ ਪ੍ਰਦੂਸ਼ਣ ਸਰਟੀਫਿਕੇਟ ਭਰੋਸੇਮੰਦ ਹੋਣਾ ਚਾਹੀਦਾ ਹੈ।’ -ਪੀਟੀਆਈ
ਜੀਐੱਨਐੱਸਐੱਸ ਨਾਲ ਲੈਸ ਨਿੱਜੀ ਵਾਹਨਾਂ ਨੂੰ 20 ਕਿਲੋਮੀਟਰ ਤੱਕ ਟੌਲ ਤੋਂ ਛੋਟ
ਨਵੀਂ ਦਿੱਲੀ: ਆਲਮੀ ਨੈਵੀਗੇਸ਼ਨ ਉਪਗ੍ਰਹਿ ਪ੍ਰਣਾਲੀ (ਜੀਐੱਨਐੱਸਐੱਸ) ਨਾਲ ਲੈਸ ਨਿੱਜੀ ਵਾਹਨਾਂ ਦੇ ਮਾਲਕਾਂ ਕੋਲੋਂ ਰਾਜ ਮਾਰਗਾਂ ਅਤੇ ਐਕਸਪ੍ਰੈੱਸਵੇਅ ’ਤੇ ਰੋਜ਼ਾਨਾ 20 ਕਿਲੋਮੀਟਰ ਤੱਕ ਦੇ ਸਫ਼ਰ ਲਈ ਕੋਈ ਟੈਕਸ ਨਹੀਂ ਵਸੂਲਿਆ ਜਾਵੇਗਾ। ਨੋਟੀਫਿਕੇਸ਼ਨ ’ਚ ਇਹ ਜਾਣਕਾਰੀ ਦਿੱਤੀ ਗਈ। ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਨੇ ਅੱਜ ਕੌਮੀ ਰਾਜਮਾਰਗ ਫੀਸ (ਦਰਾਂ ਤੇ ਕੁਲੈਕਸ਼ਨ ਦਾ ਨਿਰਧਾਰਨ) ਨਿਯਮ, 2008 ਵਿੱਚ ਸੋਧ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਨਵੇਂ ਨੇਮਾਂ ਮੁਤਾਬਕ ਕੌਮੀ ਮਾਰਗ ਫੀਸ (ਦਰਾਂ ਤੇ ਕੁਲੈਕਸ਼ਨ ਨਿਰਧਾਰਨ) ਸੋਧ ਨਿਯਮ, 2024 ਦੇ ਰੂਪ ਵਿੱਚ ਨੋਟੀਫਾਈ ਨਿਯਮਾਂ ਤਹਿਤ ਰਾਜਮਾਰਗਾਂ ਅਤੇ ਐਕਸਪ੍ਰੈੱਸਵੇਅ ’ਤੇ 20 ਕਿਲੋਮੀਟਰ ਤੋਂ ਜ਼ਿਆਦਾ ਦੀ ਦੂਰੀ ਤੈਅ ਕਰਨ ’ਤੇ ਹੀ ਵਾਹਨ ਮਾਲਕ ਤੋਂ ਕੁੱਲ ਦੂਰੀ ’ਤੇ ਫੀਸ ਵਸੂਲੀ ਜਾਵੇਗੀ। ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ, ‘ਕੌਮੀ ਪਰਮਿਟ ਰੱਖਣ ਵਾਲੇ ਵਾਹਨਾਂ ਨੂੰ ਛੱਡ ਕੇ ਕਿਸੇ ਹੋਰ ਵਾਹਨ ਦਾ ਡਰਾਈਵਰ, ਮਾਲਕ ਜਾਂ ਇੰਚਾਰਜ ਵਿਅਕਤੀ ਜੋ ਕੌਮੀ ਰਾਜਮਾਰਗ, ਸਥਾਈ ਪੁਲ, ਬਾਈਪਾਸ ਜਾਂ ਸੁਰੰਗ ਦੇ ਉਸੇ ਹਿੱਸੇ ਦੀ ਵਰਤੋਂ ਕਰਦਾ ਹੈ, ਉਸ ਕੋਲੋ ਜੀਐੱਨਐੱਸਐੱਸ ਆਧਾਰਤ ਫੀਸ ਕੁਲੈਕਸ਼ਨ ਪ੍ਰਣਾਲੀ ਤਹਿਤ ਇੱਕ ਦਿਨ ਵਿੱਚ ਹਰੇਕ ਦਿਸ਼ਾ ਵਿੱਚ 20 ਕਿਲੋਮੀਟਰ ਦਾ ਸਫਰ ਕਰਨ ’ਤੇ ਕੋਈ ਫੀਸ ਨਹੀਂ ਵਸੂਲੀ ਜਾਵੇਗੀ।’’ -ਪੀਟੀਆਈ