ਧੋਰਡੋ (ਗੁਜਰਾਤ), 15 ਦਸੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਨਵੇਂ ਖੇਤੀ ਕਾਨੂੰਨਾਂ ਬਾਰੇ ਕਿਸਾਨਾਂ ਨੂੰ ਭਰਮਾਉਣ ਲਈ ਸਾਜ਼ਿਸ਼ਾਂ ਘੜੀਆਂ ਜਾ ਰਹੀਆਂ ਹਨ। ਉਨ੍ਹਾਂ ਦੋਸ਼ ਲਾਇਆ ਕਿ ਵਿਰੋਧੀ ਧਿਰ ਕਿਸਾਨਾਂ ਦੇ ਮੋਢੇ ਵਰਤ ਕੇ ਸਰਕਾਰ ਖ਼ਿਲਾਫ਼ ਹਮਲੇ ਕਰ ਰਹੀ ਹੈ। ਖੇਤੀ ਕਾਨੂੰਨਾਂ ਦੀ ਜ਼ੋਰਦਾਰ ਢੰਗ ਨਾਲ ਵਕਾਲਤ ਕਰਦਿਆਂ ਸ੍ਰੀ ਮੋਦੀ ਨੇ ਇਨ੍ਹਾਂ ਨੂੰ ਇਤਿਹਾਸਕ ਕਰਾਰ ਦਿੱਤਾ ਅਤੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਕਾਨੂੰਨਾਂ ਬਾਰੇ ਕਿਸੇ ਵੀ ਸ਼ੰਕੇ ਨੂੰ ਦੂਰ ਕਰਨ ਲਈ ਤਿਆਰ ਹੈ। ਗੁਜਰਾਤ ਦੇ ਇਕ ਦਿਨੀਂ ਦੌਰੇ ’ਤੇ ਆਏ ਪ੍ਰਧਾਨ ਮੰਤਰੀ ਨੇ ਇਥੇ ਕਿਸਾਨਾਂ ਨਾਲ ਵੀ ਮੁਲਾਕਾਤ ਕੀਤੀ ਜੋ ਜ਼ਿਆਦਾਤਰ ਪੰਜਾਬੀ ਸਨ। ਉਨ੍ਹਾਂ ਕੱਛ ’ਚ ਵਸੇ ਪੰਜਾਬ ਦੇ ਕਿਸਾਨਾਂ ਦੇ ਵਫ਼ਦ ਤੋਂ ਇਲਾਵਾ ਸਥਾਨਕ ਕਿਸਾਨਾਂ ਦੀਆਂ ਵੀ ਗੱਲਾਂ ਸੁਣੀਆਂ। ਇਹ ਸਿੱਖ ਕਿਸਾਨ ਭਾਰਤ-ਪਾਕਿਸਤਾਨ ਸਰਹੱਦ ਨੇੜਲੇ ਇਲਾਕਿਆਂ ’ਚ ਖੇਤੀ ਕਰਦੇ ਹਨ।
ਪ੍ਰਧਾਨ ਮੰਤਰੀ ਨੇ ਕਿਸੇ ਵਿਰੋਧੀ ਧਿਰ ਦਾ ਨਾਮ ਲਏ ਬਿਨਾਂ ਕਿਹਾ ਕਿ ਜਦੋਂ ਉਹ ਸੱਤਾ ’ਚ ਸਨ ਤਾਂ ਖੇਤੀ ਸੈਕਟਰ ’ਚ ਅਜਿਹੇ ਸੁਧਾਰਾਂ ਦਾ ਪੱਖ ਪੂਰਦੇ ਸਨ ਪਰ ਹੁਣ ਕਾਨੂੰਨਾਂ ਦਾ ਵਿਰੋਧ ਕਰਦਿਆਂ ਕਿਸਾਨਾਂ ਨੂੰ ਹਮਾਇਤ ਦੇ ਰਹੇ ਹਨ। ਉਨ੍ਹਾਂ ਗੁਜਰਾਤ ’ਚ ਦੋ ਸੈਕਟਰਾਂ ਡੇਅਰੀ ਅਤੇ ਮੱਛੀ ਪਾਲਣ ਦੀ ਮਿਸਾਲ ਦਿੰਦਿਆਂ ਕਿਹਾ ਕਿ ਸੂਬਾ ਸਰਕਾਰ ਦੇ ਦਖ਼ਲ ਤੋਂ ਬਿਨਾਂ ਇਹ ਕਾਰੋਬਾਰ ਵਧੇ-ਫੁੱਲੇ ਕਿਉਂਕਿ ਮੁੱਖ ਤੌਰ ’ਤੇ ਇਹ ਕਾਰੋਬਾਰ ਸਹਿਕਾਰੀ ਸੰਸਥਾਵਾਂ ਅਤੇ ਕਿਸਾਨਾਂ ਨੇ ਖੁਦ ਸੰਭਾਲਿਆ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਸਰਕਾਰਾਂ ਦਾ ਫਲ ਅਤੇ ਸਬਜ਼ੀਆਂ ਦੇ ਕਾਰੋਬਾਰ ’ਤੇ ਕੋਈ ਅਹਿਮ ਕੰਟਰੋਲ ਨਹੀਂ ਹੈ। ਸ੍ਰੀ ਮੋਦੀ ਨੇ ਕਿਹਾ,‘‘ਮੈਂ ਇਹ ਮਿਸਾਲਾਂ ਇਸ ਲਈ ਦਿੱਤੀਆਂ ਹਨ ਕਿਉਂਕਿ ਕਿਸਾਨਾਂ ਨੂੰ ਭਰਮਾਉਣ ਲਈ ਸਾਜ਼ਿਸ਼ਾਂ ਘੜੀਆਂ ਜਾ ਰਹੀਆਂ ਹਨ ਜੋ ਦਿੱਲੀ ਨੇੜੇ ਇਕੱਠੇ ਹਨ।’’ ਕੱਛ ਜ਼ਿਲ੍ਹੇ ’ਚ ਤਿੰਨ ਪ੍ਰਾਜੈਕਟਾਂ ਦਾ ਵਰਚੂਅਲੀ ਨੀਂਹ ਪੱਥਰ ਰੱਖਣ ਮਗਰੋਂ ਉਹ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ,‘‘ਮੈਨੂੰ ਭਰੋਸਾ ਹੈ ਕਿ ਤਰੱਕੀਪਸੰਦ ਕਿਸਾਨ ਸਿਆਸਤ ਕਰਨ, ਝੂਠ ਫੈਲਾਉਣ ਅਤੇ ਉਨ੍ਹਾਂ ਦੇ ਮੋਢਿਆਂ ਦੀ ਵਰਤੋਂ ਕਰਨ ਵਾਲਿਆਂ ਨੂੰ ਮਾਤ ਦੇਣਗੇ।’’ ਕਿਸਾਨਾਂ ਦੇ ਮਨਾਂ ’ਚ ਭੈਅ ਦਾ ਮਾਹੌਲ ਬਣਾਇਆ ਜਾ ਰਿਹਾ ਹੈ। ਕਿਸਾਨਾਂ ਨੂੰ ਕਿਹਾ ਜਾ ਰਿਹਾ ਹੈ ਕਿ ਜੇਕਰ ਨਵੇਂ ਖੇਤੀ ਕਾਨੂੰਨ ਲਾਗੂ ਹੋਏ ਤਾਂ ਉਨ੍ਹਾਂ ਦੀਆਂ ਜ਼ਮੀਨਾਂ ’ਤੇ ਹੋਰਾਂ ਵੱਲੋਂ ਕਬਜ਼ੇ ਕਰ ਲਏ ਜਾਣਗੇ। ‘ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਹਾਂ ਕਿ ਕੀ ਡੇਅਰੀ ਮਾਲਕ ਤੁਹਾਡੇ ਪਸ਼ੂ ਲੈ ਗਏ ਹਨ ਕਿਉਂਕਿ ਤੁਸੀਂ ਉਨ੍ਹਾਂ ਨੂੰ ਆਪਣਾ ਦੁੱਧ ਵੇਚਦੇ ਹੋ? ਫਲ ਅਤੇ ਸਬਜ਼ੀਆਂ ਵੇਚਣ ਲਈ ਕੀਤੇ ਗਏ ਠੇਕੇ ਨਾਲ ਕੀ ਕੋਈ ਤੁਹਾਡੀ ਜ਼ਮੀਨ ਜਾਂ ਸੰਪਤੀ ਲੈ ਗਿਆ ਹੈ?’’ ਪ੍ਰਧਾਨ ਮੰਤਰੀ ਨੇ ਕਿਹਾ ਕਿ ਖੇਤੀ ਸੈਕਟਰ ’ਚ ਸੁਧਾਰਾਂ ਦੀ ਮੰਗ ਬਹੁਤ ਪੁਰਾਣੀ ਹੈ ਅਤੇ ਕਈ ਕਿਸਾਨ ਜਥੇਬੰਦੀਆਂ ਇਹ ਮੰਗ ਕਰਦੀਆਂ ਆ ਰਹੀਆਂ ਸਨ। ਸ੍ਰੀ ਮੋਦੀ ਨੇ ਕਿਹਾ,‘‘ਹੁਣ ਜਦੋਂ ਮੁਲਕ ਨੇ ਇਤਿਹਾਸਕ ਕਦਮ ਉਠਾਇਆ ਹੈ ਤਾਂ ਵਿਰੋਧੀ ਝੂਠ ਫੈਲਾ ਰਹੇ ਹਨ। ਮੈਂ ਦੁਹਰਾਉਣਾ ਚਾਹੁੰਦਾ ਹਾਂ ਕਿ ਮੇਰੀ ਸਰਕਾਰ 24 ਘੰਟੇ ਕਿਸਾਨਾਂ ਦੇ ਸਾਰੇ ਸ਼ੰਕੇ ਦੂਰ ਕਰਨ ਲਈ ਤਿਆਰ ਹੈ।’’ ਉਨ੍ਹਾਂ ਕਿਹਾ ਕਿ ਸਰਕਾਰ ਦੀ ਪਹਿਲ ਕਿਸਾਨਾਂ ਦੀ ਭਲਾਈ ਹੈ ਜਿਸ ਨੇ ਹਮੇਸ਼ਾ ਖੇਤੀ ਲਾਗਤ ਘਟਾ ਕੇ ਕਾਸ਼ਤਕਾਰਾਂ ਨੂੰ ਆਪਣੀ ਆਮਦਨ ਵਧਾਉਣ ਦੇ ਨਵੇਂ ਰਾਹ ਦਿੱਤੇ ਹਨ। ਉਨ੍ਹਾਂ ਕਿਹਾ ਕਿ ਮੁਲਕ ਦੇ ਹਰ ਕੋਨੇ ਤੋਂ ਕਿਸਾਨਾਂ ਨੇ ਨਵੇਂ ਖੇਤੀ ਕਾਨੂੰਨਾਂ ਦਾ ਸਵਾਗਤ ਕਰਦਿਆਂ ਸਰਕਾਰ ਨੂੰ ਆਪਣਾ ‘ਆਸ਼ੀਰਵਾਦ’ ਦਿੱਤਾ ਹੈ। -ਪੀਟੀਆਈ