ਨਵੀਂ ਦਿੱਲੀ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਵਿਰੋਧੀ ਧਿਰ ਕਾਂਗਰਸ ਤੇ ਕੌਮਾਂਤਰੀ ਜਥੇਬੰਦੀਆਂ ’ਤੇ ਉਨ੍ਹਾਂ ਦੋਸ਼ਾਂ ਨੂੰ ਲੈ ਕੇ ਨਿਸ਼ਾਨਾ ਸੇਧਿਆ ਕਿ ਸਰਕਾਰ ਨੇਤਾਵਾਂ, ਪੱਤਰਕਾਰਾਂ ਤੇ ਹੋਰਨਾਂ ਲੋਕਾਂ ਦੇ ਫੋਨ ਦੀ ਜਾਸੂਸੀ ਕਰਨ ’ਚ ਸ਼ਾਮਲ ਸੀ। ਸ਼ਾਹ ਨੇ ਕਿਹਾ ਕਿ ਅਜਿਹੀਆਂ ਅੜਿੱਕਾਪਾਊ ਸਾਜ਼ਿਸ਼ਾਂ ਨਾਲ ਭਾਰਤ ਨੂੰ ਵਿਕਾਸ ਦੇ ਰਾਹ ਤੋਂ ਹੇਠਾਂ ਨਹੀਂ ਲਾਹਿਆ ਜਾ ਸਕਦਾ। ਉਨ੍ਹਾਂ ਕਿਹਾ ਕਿ ਕਥਿਤ ਜਾਸੂਸੀ ਬਾਰੇ ਰਿਪੋਰਟ ਨੂੰ ਕੁਝ ਲੋਕਾਂ ਨੇ ਅੱਗੇ ਵਧਾਇਆ ਹੈ ਜਿਸ ਦਾ ਇੱਕੋ ਇੱਕ ਮਕਸਦ ਆਲਮੀ ਪੱਧਰ ’ਤੇ ’ਤੇ ਭਾਰਤ ਦੀ ਬੇਇੱਜ਼ਤੀ ਕਰਨ ਦੀ ਹਰ ਸੰਭਵ ਕੋਸ਼ਿਸ਼ ਕਰਨਾ ਹੈ। ਉਨ੍ਹਾਂ ਕਿਹਾ, ‘ਇਹ ਅੜਿੱਕਾ ਪਾਉਣ ਵਾਲਿਆਂ ਦੀ ਰਿਪੋਰਟ ਹੈ। ਇਹ ਅੜਿੱਕਾ ਪਾਉਣ ਵਾਲਿਆਂ ਦੀ ਆਲਮੀ ਜਥੇਬੰਦੀ ਹੈ ਜੋ ਭਾਰਤ ਦੀ ਤਰੱਕੀ ਨੂੰ ਪਸੰਦ ਨਹੀਂ ਕਰਦੇ।’ ਉਨ੍ਹਾਂ ਕਿਹਾ, ‘ਇਹ ਲੋਕ ਭਾਰਤੀ ਰਾਜਨੀਤੀ ਦੇ ਖਿਡਾਰੀ ਹਨ ਜੋ ਨਹੀਂ ਚਾਹੁੰਦੇ ਕਿ ਭਾਰਤ ਤਰੱਕੀ ਕਰੇ। ਭਾਰਤ ਦੇ ਲੋਕ ਇਸ ਲੜੀ ਤੇ ਸਬੰਧ ਨੂੰ ਚੰਗੀ ਤਰ੍ਹਾਂ ਸਮਝਦੇ ਹਨ।’ ਉਨ੍ਹਾਂ ਕਿਹਾ ਕਿ ਉਹ ਭਾਰਤ ਦੇ ਲੋਕਾਂ ਨੂੰ ਭਰੋਸਾ ਦੇਣਾ ਚਾਹੁੰਦੇ ਹਨ ਕਿ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਦੀ ਪਹਿਲ ਸਪੱਸ਼ਟ ਹੈ ਅਤੇ ਉਹ ਕੌਮੀ ਭਲਾਈ ਤੇ ਇਸ ਨੂੰ ਹਾਸਲ ਕਰਨ ਲਈ ਕੰਮ ਕਰਦੀ ਰਹੇਗੀ। ਸ਼ਾਹ ਨੇ ਕਿਹਾ ਕਿ ਜੋ ਲੋਕ ਭਾਰਤ ਨੂੰ ਪ੍ਰਗਤੀ ਦੇ ਰਾਹ ਤੋਂ ਹੇਠਾਂ ਲਾਹੁਣਾ ਚਾਹੁੰਦੇ ਹਨ ਉਹ ਦੇਸ਼ ਬਾਰੇ ਉਹੀ ਪੁਰਾਣੀਆਂ ਗੱਲਾਂ ਦੁਹਰਾ ਰਹੇ ਹਨ। ਇਸੇ ਦੌਰਾਨ ਭਾਜਪਾ ਦੇ ਸੀਨੀਅਰ ਆਗੂ ਰਵੀ ਸ਼ੰਕਰ ਪ੍ਰਸਾਦ ਨੇ ਇੱਕ ਪੱਤਰਕਾਰ ਸੰਮੇਲਨ ਦੌਰਾਨ ਦਾਅਵਾ ਕੀਤਾ ਕਿ ਪੈਗਾਸਸ ਜਾਸੂਸੀ ਮਾਮਲੇ ’ਚ ਹਾਕਮ ਧਿਰ ਜਾਂ ਮੋਦੀ ਸਰਕਾਰ ਨੂੰ ਜੋੜੇ ਜਾਣ ਦਾ ਇੱਕ ਵੀ ਸਬੂਤ ਨਹੀਂ ਹੈ। ਉਨ੍ਹਾਂ ਇਸ ਮਾਮਲੇ ’ਚ ਸ਼ਾਮਲ ਲੋਕਾਂ ਦੀ ਭਰੋਸੇਯੋਗਤਾ ’ਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਇਹ ਖ਼ਬਰ ਚਲਾਈ ਉਨ੍ਹਾਂ ਨੇ ਹੀ ਕਿਹਾ ਹੈ ਕਿ ਡਾਟਾਬੇਸ ’ਚ ਕਿਸੇ ਖਾਸ ਨੰਬਰ ਦੀ ਮੌਜੂਦਗੀ ਨਾਲ ਇਸ ਗੱਲ ਦੀ ਪੁਸ਼ਟੀ ਨਹੀਂ ਹੁੰਦੀ ਕਿ ਇਸ ’ਤੇ ਪੈਗਾਸਸ ਦਾ ਪ੍ਰਭਾਵ ਹੈ। -ਪੀਟੀਆਈ