ਅਮਰਾਵਤੀ/ਚਿਮੁਰ, 16 ਨਵੰਬਰ
ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਪਾਰਟੀ ਸੰਵਿਧਾਨ ਨੂੰ ਦੇਸ਼ ਦਾ ਡੀਐੱਨਏ ਮੰਨਦੀ ਹੈ ਜਦਕਿ ਸੱਤਾਧਾਰੀ ਭਾਜਪਾ ਅਤੇ ਆਰਐੱਸਐੱਸ ਲਈ ਇਹ ‘ਕੋਰੀ ਕਿਤਾਬ’ ਹੈ। ਉਨ੍ਹਾਂ ਦਾਅਵਾ ਕੀਤਾ ਕਿ ਵਿਰੋਧੀਆਂ ਨੇ ਉਨ੍ਹਾਂ ਦਾ ਅਕਸ ਖ਼ਰਾਬ ਕਰਨ ਲਈ ਕਰੋੜਾਂ ਰੁਪਏ ਖਰਚੇ ਹਨ।
ਪੂਰਬੀ ਮਹਾਰਾਸ਼ਟਰ ਦੇ ਅਮਰਾਵਤੀ ਅਤੇ ਚੰਦਰਪੁਰ ਜ਼ਿਲ੍ਹੇ ਦੇ ਚਿਮੁਰ ਵਿੱਚ ਚੋਣ ਰੈਲੀਆਂ ਨੂੰ ਸੰਬੋਧਨ ਕਰਦਿਆਂ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਨੇ ਭਾਜਪਾ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਸੰਵਿਧਾਨ ਵਿੱਚ ਕਿਧਰੇ ਵੀ ਇਹ ਨਹੀਂ ਲਿਖਿਆ ਹੈ ਕਿ ਵਿਧਾਇਕਾਂ ਦੀ ਖ਼ਰੀਦ-ਫ਼ਰੋਖ਼ਤ ਕਰ ਕੇ ਸਰਕਾਰਾਂ ਡੇਗੀਆਂ ਜਾ ਸਕਦੀਆਂ ਹਨ ਜਿਵੇਂ ਕਿ ਮਹਾਰਾਸ਼ਟਰ ਵਿੱਚ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਸ ਵਿੱਚ ਇਹ ਵੀ ਨਹੀਂ ਲਿਖਿਆ ਹੈ ਕਿ ਵੱਡੇ ਉਦਯੋਗਪਤੀਆਂ ਦਾ 16 ਲੱਖ ਕਰੋੜ ਰੁਪਏ ਦਾ ਕਰਜ਼ਾ ਮੁਆਫ਼ ਕੀਤਾ ਜਾ ਸਕਦਾ ਹੈ। ਰਾਹੁਲ ਨੇ ਦੋਸ਼ ਲਾਇਆ, ‘‘ਮੇਰੀ ਭੈਣ ਨੇ ਮੈਨੂੰ ਦੱਸਿਆ ਕਿ ਇਨ੍ਹਾਂ ਦਿਨੀਂ ਪ੍ਰਧਾਨ ਮੰਤਰੀ ਮੋਦੀ ਉਸੇ ਮੁੱਦੇ ’ਤੇ ਬੋਲ ਰਹੇ ਹਨ, ਜਿਸ ਨੂੰ ਮੈਂ ਉਠਾਉਂਦਾ ਰਿਹਾ ਹਾਂ। ਮੈਂ ਉਨ੍ਹਾਂ ਨੂੰ ਲੋਕ ਸਭਾ ਵਿੱਚ ਕਿਹਾ ਸੀ ਕਿ ਜਾਤੀ ਜਨਗਣਨਾ ਹੋਣੀ ਚਾਹੀਦੀ ਹੈ ਅਤੇ ਰਾਖਵੇਂਕਰਨ ਤੋਂ 50 ਫ਼ੀਸਦ ਦੀ ਹੱਦ ਹਟਾਈ ਜਾਣੀ ਚਾਹੀਦੀ ਹੈ। ਹੁਣ ਉਹ ਆਪਣੀਆਂ ਰੈਲੀਆਂ ’ਚ ਕਹਿ ਰਹੇ ਹਨ ਮੈਂ ਰਾਖਵੇਂਕਰਨ ਦੇ ਖ਼ਿਲਾਫ਼ ਹਾਂ। ਉਹ ਸਾਬਕਾ ਅਮਰੀਕੀ ਰਾਸ਼ਟਰਪਤੀ ਵਾਂਗ ਯਾਦਾਸ਼ਤ ਚਲੇ ਜਾਣ ਦੀ ਸਮੱਸਿਆ ਤੋਂ ਪੀੜਤ ਹਨ।’’ -ਪੀਟੀਆਈ
ਰਾਹੁਲ ਗਾਂਧੀ ਦੇ ਸੰਸਦ ’ਚ ਆਉਣ ਮਗਰੋਂ ਲੋਕ ਸਭਾ ਵਿੱਚ ਬਹਿਸ ਦਾ ਪੱਧਰ ਡਿੱਗਿਆ: ਰਿਜਿਜੂ
ਨਾਗਪੁਰ: ਕੇਂਦਰੀ ਮੰਤਰੀ ਕਿਰਨ ਰਿਜਿਜੂ ਨੇ ਅੱਜ ਕਿਹਾ ਕਿ ਕਾਂਗਰਸੀ ਆਗੂ ਰਾਹੁਲ ਗਾਂਧੀ ਦੇ ਸੰਸਦ ਵਿੱਚ ਆਉਣ ਦੇ ਬਾਅਦ ਤੋਂ ਲੋਕ ਸਭਾ ਵਿੱਚ ਬਹਿਸ ਦਾ ਪੱਧਰ ਡਿੱਗਿਆ ਹੈ। ਸੰਸਦੀ ਤੇ ਘੱਟ-ਗਿਣਤੀ ਮਾਮਲਿਆਂ ਬਾਰੇ ਮੰਤਰੀ ਨੇ ਇਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਜਪਾ ਅਤੇ ਮਹਾਯੁਤੀ ਦੇ ਪੱਖ ਵਿੱਚ ਇਕ ਖ਼ਾਮੋਸ਼ ਲਹਿਰ ਹੈ। ਕੇਂਦਰੀ ਮੰਤਰੀ ਵਿਧਾਨ ਸਭਾ ਚੋਣਾਂ ਦੀ ਪ੍ਰਚਾਰ ਮੁਹਿੰਮ ਲਈ ਇੱਥੇ ਆਏ ਹੋਏ ਸਨ। -ਪੀਟੀਆਈ
ਮਹਾਰਾਸ਼ਟਰ ਦੇ ਲੋਕਾਂ ਦੀ ਸਰਕਾਰ ਚੋਰੀ ਕੀਤੀ: ਰਾਹੁਲ
ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਦੋਸ਼ ਲਗਾਇਆ ਕਿ ਪੈਸੇ ਦਾ ਇਸਤੇਮਾਲ ਕਰ ਕੇ ਮਹਾਰਾਸ਼ਟਰ ਦੇ ਲੋਕਾਂ ਦੀ ਸਰਕਾਰ ਚੋਰੀ ਕੀਤੀ ਗਈ। ਉਨ੍ਹਾਂ ਕਿਹਾ ਕਿ ਇਹ ਅਡਾਨੀ ਸਮੂਹ ਨੂੰ ਦਿੱਤੇ ਗਏ ਧਾਰਾਵੀ ਪੁਨਰਵਿਕਾਸ ਪ੍ਰਾਜੈਕਟ ਲਈ ਸਮਝੌਤਾ ਸੀ। ਉਨ੍ਹਾਂ ਕਿਹਾ, ‘‘ਮੋਦੀ ਜੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਤੁਹਾਨੂੰ ਪ੍ਰਧਾਨ ਮੰਤਰੀ ਉਦਯੋਗਪਤੀਆਂ ਨੇ ਨਹੀਂ ਬਲਕਿ ਭਾਰਤ ਦੇ ਲੋਕਾਂ ਨੇ ਚੁਣਿਆ ਹੈ। ਇਹ ਸੱਚ ਹੈ ਕਿ ਉਦਯੋਗਪਤੀਆਂ ਨੇ ਉਨ੍ਹਾਂ ਦੀ ਮਾਰਕੀਟਿੰਗ ਕੀਤੀ ਹੈ।’’