ਨਵੀਂ ਦਿੱਲੀ, 13 ਦਸੰਬਰ
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਕਿਹਾ ਕਿ ਆਜ਼ਾਦੀ ਕੋਈ ਚੀਜ਼ ਨਹੀਂ ਬਲਕਿ ਇਸ ਦੀ ਕਾਇਮੀ ਲਈ ਲਗਾਤਾਰ ਘਾਲਣਾ ਕਰਨੀ ਪੈਂਦੀ ਹੈ। ਉਨ੍ਹਾਂ ਕਿਹਾ ਕਿ ਹਥਿਆਰਬੰਦ ਬਲਾਂ ਦਾ ਆਧੁਨਿਕੀਕਰਨ ਅਤੇ ਰੱਖਿਆ ਖੇਤਰ ਵਿੱਚ ਇਨ੍ਹਾਂ ਨੂੰ ਮੁਕੰਮਲ ਰੂਪ ਵਿੱਚ ਸਵੈ-ਨਿਰਭਰ ਬਣਾਉਣ ਜਿਹੇ ਵਿਸ਼ੇ ਭਾਰਤ ਦੇ ਪਹਿਲੇ ਚੀਫ਼ ਆਫ਼ ਡਿਫੈਂਸ ਸਟਾਫ਼ (ਸੀਡੀਐੱਸ) ਮਰਹੂਮ ਜਨਰਲ ਬਿਪਿਨ ਰਾਵਤ ਦੇ ਕਾਫ਼ੀ ਕਰੀਬ ਸਨ। ਸਿੰਘ ਨੇ ਕਿਹਾ ਕਿ ਇਹ ਹੁਣ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਇਸ ਟੀਚੇ ਨੂੰ ਛੇਤੀ ਤੋਂ ਛੇਤੀ ਪੂਰਾ ਕਰਨ ਲਈ ਅਣਥੱਕ ਕੰਮ ਕਰਨ।
ਰੱਖਿਆ ਉਤਪਾਦਨ ਬਾਰੇ ਵਿਭਾਗ ਦੇ ਦੇਸ਼-ਵਿਆਪੀ ਸਮਾਗਮਾਂ ਦਾ ਵਰਚੁਅਲੀ ਉਦਘਾਟਨ ਕਰਦਿਆਂ ਆਪਣੇ ਸੰਬੋਧਨ ਦੌਰਾਨ ਰਾਜਨਾਥ ਸਿੰਘ ਨੇ ਹੈਲੀਕਾਪਟਰ ਹਾਦਸੇ ਦੌਰਾਨ ਜਾਨਾਂ ਗੁਆਉਣ ਵਾਲੇ ਸੀਡੀਐੱਸ ਜਨਰਲ ਰਾਵਤ ਤੇ ਹਥਿਆਰਬੰਦ ਬਲਾਂ ਨਾਲ ਜੁੜੇ ਹੋਰਨਾਂ ਅਧਿਕਾਰੀਆਂ ਨੂੰ ਸ਼ਰਧਾਂਜਲੀਆਂ ਦਿੱਤੀਆਂ। ਆਜ਼ਾਦੀ ਦੇ ਅਰਥਾਂ ਨੂੰ ਲੈ ਕੇ ਆਪਣੀ ਅੰਤਰਦ੍ਰਿਸ਼ਟੀ ਸਾਂਝੀ ਕਰਦਿਆਂ ਸਿੰਘ ਨੇ ਕਿਹਾ ਕਿ ਆਜ਼ਾਦੀ ਕੋਈ ਚੀਜ਼ ਨਹੀਂ ਹੈ, ਜੋ ਮਹਿਜ਼ ਹਾਸਲ ਕਰਨੀ ਹੈ ਬਲਕਿ ਇਸ ਨੂੰ ਕਾਇਮ ਰੱਖਣ ਤੇ ਇਸ ਦੀ ਸੰਭਾਲ ਲਈ ਲਗਾਤਾਰ ਘਾਲਣਾ ਕਰਨੀ ਪੈਂਦੀ ਹੈ। ਉਨ੍ਹਾਂ ਜ਼ੋਰ ਦੇ ਕੇ ਆਖਿਆ, ‘‘ਆਜ਼ਾਦੀ ਕੋਈ ਟੀਚਾ ਨਹੀਂ ਬਲਕਿ ਰਾਹ ਹੈ। ਰਾਸ਼ਟਰ ਦੀ ਪ੍ਰਭੂਸੱਤਾ ਲਈ ਆਜ਼ਾਦੀ ਦਾ ਮਤਲਬ ਰੱਖਿਆ ਤੇ ਸਮਾਜਿਕ-ਆਰਥਿਕ ਵਿਕਾਸ ਨਾਲ ਜੁੜੇ ਫੈਸਲੇ ਲੈਣ ਦੀ ਯੋਗਤਾ ਤੇ ਸਮਰੱਥਾ ਹੈ। ਹਾਲਾਤ ਕੋਈ ਵੀ ਹੋਣ, ਅਸੀਂ ਮੁਕੰਮਲ ਰੂਪ ਵਿੱਚ ਸਵੈ-ਨਿਰਭਰ ਹੋਣ ’ਤੇ ਹੀ ਫੈਸਲੇ ਲੈ ਸਕਦੇ ਹਾਂ।’’ ਸਿੰਘ ਦਾ ਇਹ ਵਿਚਾਰ ਸੀ ਕਿ ਭਾਰਤ ਨੇ ਖੇਤੀ, ਸਿੱਖਿਆ ਤੇ ਸਿਹਤ ਜਿਹੇ ਖੇਤਰਾਂ ਵਿੱਚ ਆਜ਼ਾਦੀ ਮਗਰੋਂ ਸੁਤੰਤਰਤਾ ਹਾਸਲ ਕਰ ਲਈ, ਪਰ ਰੱਖਿਆ ਖੇਤਰ ਨੂੰ ਬਹੁਤੀ ਤਵੱਜੋ ਨਹੀਂ ਦਿੱਤੀ ਗਈ। ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਰੱਖਿਆ ਵਿੱਚ ਆਤਮਨਿਰਭਰਤਾ ਦੀ ਅਹਿਮੀਅਤ ਨੂੰ ਸਮਝਦੀ ਹੈ ਤੇ ਇਸ ਦਿਸ਼ਾ ਵਿੱਚ ਲਗਾਤਾਰ ਯਤਨ ਜਾਰੀ ਹਨ। -ਆਈਏਐੱਨਐੱਸ
ਭਾਰਤ ਵੱਲੋਂ ਸੁਪਰਸੌਨਿਕ ਤਾਰਪੀਡੋ ਸਿਸਟਮ ਦਾ ਸਫ਼ਲ ਪ੍ਰੀਖਣ
ਬਾਲਾਸੌਰ: ਭਾਰਤ ਨੇ ਅੱਜ ਉੜੀਸਾ ਤੱਟ ਤੋਂ ਸਫ਼ਲਤਾ ਨਾਲ ਸੁਪਰਸੌਨਿਕ ਮਿਜ਼ਾਈਲ ਅਸਿਸਟੇਡ ਤਾਰਪੀਡੋ ਸਿਸਟਮ (ਸਮੈਟ) ਦਾ ਪ੍ਰੀਖਣ ਕੀਤਾ ਹੈ। ਡੀਆਰਡੀਓ ਮੁਤਾਬਕ ਪ੍ਰੀਖਣ ਅਬਦੁਲ ਕਲਾਮ ਟਾਪੂ ਤੋਂ ਕੀਤਾ ਗਿਆ ਜਿਸ ਨੂੰ ਪਹਿਲਾਂ ‘ਵ੍ਹੀਲਰ ਆਈਲੈਂਡ’ ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਮਿਸ਼ਨ ਦੌਰਾਨ ਮਿਜ਼ਾਈਲ ਦੀ ਪੂਰੀ ਰੇਂਜ ਸਮਰੱਥਾ ਪਰਖ਼ੀ ਗਈ। ਇਹ ਢਾਂਚਾ ਪਣਡੁੱਬੀਆਂ ਖ਼ਿਲਾਫ਼ ਜੰਗੀ ਸਮਰੱਥਾ ਵਧਾਉਣ ਲਈ ਵਿਕਸਿਤ ਕੀਤਾ ਗਿਆ ਹੈ। ਰੱਖਿਆ ਖੋਜ ਤੇ ਵਿਕਾਸ ਸੰਗਠਨ ਨੇ ਕਿਹਾ ਕਿ ਮਿਜ਼ਾਈਲ ਤਾਰਪੀਡੋ ਨੂੰ ਲਿਜਾਂਦੀ ਹੈ। ਇਸ ਵਿਚ ਪੈਰਾਸ਼ੂਟ ਸਿਸਟਮ ਤੇ ਰਿਲੀਜ਼ ਪ੍ਰਣਾਲੀ ਵੀ ਲੱਗੀ ਹੋਈ ਹੈ। ਸਿਸਟਮ ਜ਼ਮੀਨ ਤੋਂ ਮੋਬਾਈਲ ਲਾਂਚਰ ਰਾਹੀਂ ਛੱਡਿਆ ਗਿਆ ਤੇ ਇਹ ਵੱਖ-ਵੱਖ ਦੂਰੀਆਂ ਤੈਅ ਕਰ ਸਕਦਾ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਤਜਰਬਾ ਕਰਨ ਵਾਲੀ ਟੀਮ ਨੂੰ ਵਧਾਈ ਦਿੱਤੀ ਹੈ। -ਪੀਟੀਆਈ