ਭੋਪਾਲ, 13 ਅਕਤੂਬਰ
ਮੱਧ ਪ੍ਰਦੇਸ਼ ਦੇ ਅਗਰ ਮਲਵਾ ਜ਼ਿਲ੍ਹੇ ਵਿਚ ਇਕ ਸਕੂਲ ’ਚ ‘ਭਾਰਤ ਮਾਤਾ ਕੀ ਜੈ’ ਨਾ ਕਹਿਣ ਉਤੇ ਹੋਏ ਵਿਵਾਦ ਮਗਰੋਂ ਇਕ ਵਿਦਿਆਰਥੀ ਤੇ ਅਧਿਆਪਕ ਦੀ ਕਥਿਤ ਤੌਰ ਉਤੇ ਕੁੱਟਮਾਰ ਕੀਤੀ ਗਈ। ਬਰੋੜ ਕਸਬੇ ਵਿਚ ਵਾਪਰੀ ਘਟਨਾ ਮਗਰੋਂ 20 ਲੋਕਾਂ ’ਤੇ ਕੇਸ ਦਰਜ ਕੀਤਾ ਗਿਆ ਹੈ। ਪੁਲੀਸ ਨੇ ਦੱਸਿਆ ਕਿ ਵੱਖ-ਵੱਖ ਫ਼ਿਰਕਿਆਂ ਦੇ ਵਿਦਿਆਰਥੀ ਜਿਨ੍ਹਾਂ ਵਿਚ ਹਿੰਦੂ ਤੇ ਮੁਸਲਮਾਨ ਸ਼ਾਮਲ ਹਨ, ਪ੍ਰਾਈਵੇਟ ਸਕੂਲ ਵਿਚ ਪੜ੍ਹਦੇ ਹਨ। ਸਕੂਲ ਵਿਚ ‘ਭਾਰਤ ਮਾਤਾ ਕੀ ਜੈ’ ਕਹਿਣ ਉਤੇ ਵਿਦਿਆਰਥੀਆਂ ਵਿਚਾਲੇ ਕੁਝ ਵਿਵਾਦ ਹੋ ਗਿਆ ਪਰ ਪਹਿਲਾਂ ਮਾਮਲਾ ਸ਼ਾਂਤ ਕਰ ਦਿੱਤਾ ਗਿਆ। ਬਾਅਦ ਵਿਚ ਕੁਝ ਵਿਦਿਆਰਥੀਆਂ ਨੇ ਦੂਜੇ ਧੜੇ ਦੇ ਵਿਦਿਆਰਥੀਆਂ ਦੀ ਸਕੂਲ ਦੇ ਬਾਹਰ ਕੁੱਟਮਾਰ ਕੀਤੀ। ਪੁਲੀਸ ਅਧਿਕਾਰੀ ਮੁਤਾਬਕ ਸਕੂਲ ਵਿਚ ਸਵੇਰ ਦੀ ਪ੍ਰਾਰਥਨਾ ਤੋਂ ਬਾਅਦ ਵਿਦਿਆਰਥੀ ਰਾਸ਼ਟਰੀ ਗਾਨ ਗਾਉਂਦੇ ਹਨ ਤੇ ‘ਭਾਰਤ ਮਾਤਾ ਕੀ ਜੈ’ ਕਹਿੰਦੇ ਹਨ। ਕੁਝ ਮੁਸਲਿਮ ਬੱਚਿਆਂ ਨੇ ਅਜਿਹਾ ਕਹਿਣ ਤੋਂ ਇਨਕਾਰ ਕਰ ਦਿੱਤਾ ਤੇ ਬਾਰ੍ਹਵੀਂ ਜਮਾਤ ਦੇ ਭਰਤ ਸਿੰਘ ਰਾਜਪੂਤ (19) ਨੇ ਇਸ ਉਤੇ ਇਤਰਾਜ਼ ਕੀਤਾ। ਇਸ ਤੋਂ ਬਾਅਦ ਝਗੜਾ ਹੋ ਗਿਆ। ਰਾਜਪੂਤ ਨੇ ਮਗਰੋਂ ਪੁਲੀਸ ਨੂੰ ਸ਼ਿਕਾਇਤ ਦਿੱਤੀ ਕਿ ਜਦ ਉਹ ਤੇ ਹੋਰ ਘਰ ਮੁੜ ਰਹੇ ਸਨ ਤਾਂ ਉਸ ਨੂੰ ਅਤੇ ਇਕ ਅਧਿਆਪਕ ਨੂੰ ਰੋਕਿਆ ਗਿਆ ਤੇ ਕੁੱਟਿਆ ਗਿਆ। ਰਾਜਪੂਤ ਨੇ ਦਾਅਵਾ ਕੀਤਾ ਹੈ ਕਿ ਕੁਝ ਮੁਸਲਿਮ ਲੜਕਿਆਂ ਤੇ ਉਨ੍ਹਾਂ ਦੇ ਦੋਸਤਾਂ ਨੇ ਉਸ ਨੂੰ, ਇਕ ਅਧਿਆਪਕ ਤੇ ਹੋਰ ਲੜਕਿਆਂ ਨੂੰ ਰੋਕਿਆ। ਅਧਿਆਪਕ ਦੇ ਅਨੁਸੂਚਿਤ ਜਾਤੀ ਨਾਲ ਸਬੰਧਤ ਹੋਣ ਬਾਰੇ ਕਿਹਾ ਗਿਆ ਹੈ। ਸ਼ਿਕਾਇਤਕਰਤਾ ਨੇ ਕਿਹਾ ਕਿ ਮੁਲਜ਼ਮਾਂ ਨੇ ਉਨ੍ਹਾਂ ਨੂੰ ਗਾਲਾਂ ਕੱਢੀਆਂ ਤੇ ਕੁੱਟਿਆ। ਪੁਲੀਸ ਨੇ ਕਿਹਾ ਕਿ ਇਹ ਮੁੱਦਾ ਢੁੱਕਵੀਂ ਕੌਂਸਲਿੰਗ ਕਰਨ ਦਾ ਹੈ ਨਾ ਕਿ ਕਾਨੂੰਨੀ ਅਪਰਾਧ ਦਾ ਕਿਉਂਕਿ ਸਾਰੇ ਵਿਦਿਆਰਥੀ ਹਨ। -ਪੀਟੀਆਈ