ਨਵੀਂ ਦਿੱਲੀ, 8 ਅਗਸਤ
ਰਾਜ ਸਭਾ ਮੈਂਬਰ ਅਤੇ ਸੀਨੀਅਰ ਵਕੀਲ ਕਪਿਲ ਸਿੱਬਲ ਦੀ ਸੁਪਰੀਮ ਕੋਰਟ ਤੋਂ ‘ਕੋਈ ਆਸ ਨਹੀਂ ਰਹੀ’ ਵਾਲੀ ਟਿੱਪਣੀ ’ਤੇ ਵਿਵਾਦ ਭਖ ਗਿਆ ਹੈ। ਆਲ ਇੰਡੀਆ ਬਾਰ ਐਸੋਸੀਏਸ਼ਨ ਨੇ ਇਸ ਨੂੰ ਅਦਾਲਤ ਦੀ ਮਾਣਹਾਨੀ ਕਰਾਰ ਦਿੱਤਾ ਹੈ ਜਦਕਿ ਕਾਨੂੰਨ ਮੰਤਰੀ ਕਿਰਨ ਰਿਜਿਜੂ ਨੇ ਕਿਹਾ ਕਿ ਜਦੋਂ ਫ਼ੈਸਲੇ ਪੱਖ ’ਚ ਨਹੀਂ ਆਉਂਦੇ ਹਨ ਤਾਂ ਵਿਰੋਧੀ ਆਗੂਆਂ ਵੱਲੋਂ ਸੰਵਿਧਾਨਕ ਅਦਾਰਿਆਂ ’ਤੇ ਕੀਤੇ ਜਾਂਦੇ ਹਮਲੇ ਪੂਰੇ ਮੁਲਕ ਲਈ ਨਿਰਾਸ਼ਾਜਨਕ ਹਨ। ਦੋ ਵਕੀਲਾਂ ਨੇ ਅਟਾਰਨੀ ਜਨਰਲ ਕੇ ਕੇ ਵੇਣੂਗੋਪਾਲ ਕੋਲ ਵੱਖੋ ਵੱਖਰੀਆਂ ਅਰਜ਼ੀਆਂ ਦਾਖ਼ਲ ਕਰਕੇ ਸਿੱਬਲ ਖ਼ਿਲਾਫ਼ ਮਾਣਹਾਨੀ ਦਾ ਕੇਸ ਚਲਾਉਣ ਦੀ ਇਜਾਜ਼ਤ ਮੰਗੀ ਹੈ। ਉਧਰ ਭਾਜਪਾ ਦੇ ਆਈਟੀ ਸੈੱਲ ਦੇ ਮੁਖੀ ਅਮਿਤ ਮਾਲਵੀਆ ਨੇ ਸਿਖਰਲੀ ਅਦਾਲਤ ਨੂੰ ਕਿਹਾ ਕਿ ਉਹ ਸਾਬਕਾ ਕਾਂਗਰਸੀ ਆਗੂ ਵੱਲੋਂ ਚੀਫ਼ ਜਸਟਿਸ ਦੀਆਂ ਤਾਕਤਾਂ ਅਤੇ ਸੁਪਰੀਮ ਕੋਰਟ ਦੇ ਹੋਰ ਫ਼ੈਸਲਿਆਂ ’ਤੇ ਸਵਾਲ ਉਠਾਉਣ ਲਈ ਉਸ ਖ਼ਿਲਾਫ਼ ਮਾਣਹਾਨੀ ਦੀ ਕਾਰਵਾਈ ਆਰੰਭਣ। ਜ਼ਿਕਰਯੋਗ ਹੈ ਕਿ ਸਾਬਕਾ ਕਾਨੂੰਨ ਮੰਤਰੀ ਸਿੱਬਲ ਨੇ ਸੁਪਰੀਮ ਕੋਰਟ ਵੱਲੋਂ ਹੁਣ ਜਿਹੇ ਪੀਐੱਮਐੱਲਏ ਸਮੇਤ ਹੋਰ ਸੁਣਾਏ ਗਏ ਫ਼ੈਸਲਿਆਂ ਬਾਰੇ ਇਕ ਪ੍ਰੋਗਰਾਮ ਦੌਰਾਨ ਟਿੱਪਣੀ ਕਰਦਿਆਂ ਕਿਹਾ ਸੀ ਕਿ ਕਰੀਬ ਪੰਜ ਦਹਾਕਿਆਂ ਦੇ ਆਪਣੇ ਕਾਨੂੰਨੀ ਸਫ਼ਰ ਤੋਂ ਬਾਅਦ ਉਨ੍ਹਾਂ ਨੂੰ ਸੁਪਰੀਮ ਕੋਰਟ ਤੋਂ ਕੋਈ ਆਸ ਨਹੀਂ ਰਹੀ ਹੈ। -ਪੀਟੀਆਈ