ਨਵੀਂ ਦਿੱਲੀ, 12 ਸਤੰਬਰ
ਮੁੱਖ ਅੰਸ਼
- ਪਾਰਟੀ ਨੇ ਟਵਿੱਟਰ ਹੈਂਡਲ ਤੋਂ ਅੱਗ ਨਾਲ ਸੜ ਰਹੀ ਨਿੱਕਰ ਦੀ ਫੋਟੋ ਪੋਸਟ ਕੀਤੀ
- ਭਾਜਪਾ ਤੇ ਆਰਐੱਸਐੱਸ ਵੱਲੋਂ ਕਾਂਗਰਸ ਦਾ ਟਵੀਟ ‘ਹਿੰਸਾ ਭੜਕਾਉਣ ਵਾਲਾ’ ਕਰਾਰ
ਕਾਂਗਰਸ ਨੇ ਅੱਜ ਇਕ ਖਾਕੀ ਨਿੱਕਰ ਦੀ ਫੋਟੋ ਟਵੀਟ ਕੀਤੀ ਹੈ ਜਿਸ ਨੂੰ ਅੱਗ ਲੱਗੀ ਹੋਈ ਹੈ। ਜ਼ਿਕਰਯੋਗ ਹੈ ਕਿ ਖਾਕੀ ਨਿੱਕਰ ਇਸ ਤੋਂ ਪਹਿਲਾਂ ਆਰਐੱਸਐੱਸ ਦੀ ਵਰਦੀ ਦਾ ਹਿੱਸਾ ਰਹੀ ਹੈ। ਕਾਂਗਰਸ ਵੱਲੋਂ ਕੀਤੇ ਟਵੀਟ ਨੂੰ ਭਾਜਪਾ ਤੇ ਆਰਐੱਸਐੱਸ ਨੇ ਹਿੰਸਾ ਭੜਕਾਉਣ ਵਾਲਾ ਕਰਾਰ ਦਿੱਤਾ ਹੈ। ਸੰਘ ਤੇ ਪਾਰਟੀ ਨੇ ਕਿਹਾ ਕਿ ਇਹ ਅਪਮਾਨਜਨਕ ਹੈ। ਕਾਂਗਰਸ ਨੇ ਫੋਟੋ ਦੇ ਨਾਲ ਟਵੀਟ ਕੀਤਾ, ‘ਦੇਸ਼ ਨੂੰ ਨਫ਼ਰਤ ਤੋਂ ਆਜ਼ਾਦ ਕਰਾਉਣ ਤੇ ਭਾਜਪਾ-ਆਰਐੱਸਐੱਸ ਵੱਲੋਂ ਕੀਤੇ ਗਏ ਨੁਕਸਾਨ ਦੀ ਪੂਰਤੀ ਕਰਨ ਲਈ ਅਸੀਂ ਕਦਮ-ਦਰ-ਕਦਮ ਆਪਣੇ ਨਿਸ਼ਾਨੇ ਤੱਕ ਪਹੁੰਚਾਂਗੇ। 145 ਦਿਨ ਹੋਰ।’ ਕਾਂਗਰਸ ਨੇ ਇਹ ਟਿੱਪਣੀ ਆਪਣੀ ‘ਭਾਰਤ ਜੋੜੋ ਯਾਤਰਾ’ ਦੇ ਸੰਦਰਭ ਵਿਚ ਕੀਤੀ ਹੈ। ਭਾਜਪਾ ਨੇ ਇਸ ਟਵੀਟ ਨੂੰ ਹਿੰਸਾ ਭੜਕਾਉਣ ਵਾਲਾ ਕਰਾਰ ਦਿੰਦਿਆਂ ਯਾਤਰਾ ਨੂੰ ‘ਭਾਰਤ ਤੋੜੋ ਯਾਤਰਾ’ ਤੇ ‘ਅੱਗ ਲਾਓ ਯਾਤਰਾ’ ਕਰਾਰ ਦਿੱਤਾ ਹੈ। ਭਾਜਪਾ ਦੇ ਬੁਲਾਰੇ ਸੰਬਿਤ ਪਾਤਰਾ ਨੇ ਕਿਹਾ ਕਿ ਹਿੰਦੂਤਵ ਸੰਗਠਨ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਕਈ ਮੈਂਬਰ ਕੇਰਲਾ ਵਿਚ ਮਾਰੇ ਜਾ ਚੁੱਕੇ ਹਨ। ਕਾਂਗਰਸ ਵਰਤਮਾਨ ’ਚ ਉੱਥੇ ਯਾਤਰਾ ਕੱਢ ਰਹੀ ਹੈ। ਇਸ ਤਰ੍ਹਾਂ ਵਿਰੋਧੀ ਧਿਰ ਦੱਖਣੀ ਸੂਬੇ ਵਿਚ ਮੌਜੂਦ ‘ਅਤਿਵਾਦੀਆਂ’ ਨੂੰ ਇਸ਼ਾਰਾ ਕਰ ਰਹੀ ਹੈ ਕਿ ਉਹ ਸੰਘ ਦੇ ਅਹੁਦੇਦਾਰਾਂ ਨੂੰ ਨਿਸ਼ਾਨਾ ਬਣਾਉਣ। ਪਾਤਰਾ ਨੇ ਕਾਂਗਰਸ ਨੂੰ ਤੁਰੰਤ ਟਵੀਟ ਹਟਾਉਣ ਲਈ ਕਿਹਾ। ਪਾਰਟੀ ਦੇ ਬੁਲਾਰੇ ਨੇ ਯਾਤਰਾ ਦੌਰਾਨ ਰਾਹੁਲ ਗਾਂਧੀ ਦੀ ਵਿਵਾਦਤ ਈਸਾਈ ਪਾਦਰੀ ਨਾਲ ਮੁਲਾਕਾਤ ਦਾ ਹਵਾਲਾ ਵੀ ਦਿੱਤਾ ਜਿਨ੍ਹਾਂ ’ਤੇ ਹਿੰਦੂ ਦੇਵੀ ਦੇ ਨਿਰਾਦਰ ਦਾ ਦੋਸ਼ ਹੈ। ਭਾਜਪਾ ਤਰਜਮਾਨ ਨੇ ਕਿਹਾ ਕਿ ਭਾਰਤ ਦੇ ਸੰਵਿਧਾਨਕ ਢਾਂਚੇ ਵਿਚ ਹਿੰਸਾ ਲਈ ਕੋਈ ਥਾਂ ਨਹੀਂ ਹੈ। ਕਾਂਗਰਸ ’ਤੇ ਵਿਅੰਗ ਕਸਦਿਆਂ ਪਾਤਰਾ ਨੇ ਕਿਹਾ ਕਿ ਪਾਰਟੀ ਦਾ ‘ਅੱਗ’ ਨਾਲ ਪੁਰਾਣਾ ਨਾਤਾ ਹੈ, ਜਦ ਕਾਂਗਰਸ ਸੱਤਾ ਵਿਚ ਸੀ ਤਾਂ ਪੰਜਾਬ ’ਚ ਅੱਗ ਲਾਈ ਗਈ ਤੇ 1984 ਦੇ ਦੰਗਿਆਂ ਵਿਚ ਸਿੱਖਾਂ ਨੂੰ ਜਿਊਂਦੇ ਸਾੜਿਆ ਗਿਆ। ਇਸੇ ਦੌਰਾਨ ਆਰਐੱਸਐੱਸ ਦੇ ਜਨਰਲ ਸਕੱਤਰ ਮਨਮੋਹਨ ਵੈਦਿਆ ਨੇ ਸਵਾਲ ਕੀਤਾ ਕਿ ਕੀ ਕਾਂਗਰਸ ਨਫ਼ਰਤ ਰਾਹੀਂ ਲੋਕਾਂ ਨੂੰ ਜੋੜਨਾ ਚਾਹੁੰਦੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਪਾਰਟੀ ਦੀਆਂ ਪਹਿਲੀਆਂ ਪੀੜ੍ਹੀਆਂ ਦੀ ਲੀਡਰਸ਼ਿਪ ਵੀ ਸੰਘ ਪ੍ਰਤੀ ਨਫ਼ਰਤ ਫੈਲਾਉਂਦੀ ਰਹੀ ਹੈ ਤੇ ਇਸ ਦਾ ਨਿਰਾਦਰ ਕੀਤਾ ਹੈ। ਹਾਲਾਂਕਿ ਇਸ ਨਾਲ ਸੰਘ ਨੂੰ ਉਹ ਵਧਣ ਤੋਂ ਨਹੀਂ ਰੋਕ ਸਕੇ। -ਪੀਟੀਆਈ
ਨਫ਼ਰਤ ਫੈਲਾਉਣ ਵਾਲੀ ਭਾਜਪਾ ਜਵਾਬ ਲੈਣ ਲਈ ਵੀ ਤਿਆਰ ਰਹੇ: ਕਾਂਗਰਸ
ਭਾਜਪਾ ਤੇ ਆਰਐੱਸਐੱਸ ਵੱਲੋਂ ਵਿਰੋਧੀ ਧਿਰ ਕਾਂਗਰਸ ਦੀ ਆਲੋਚਨਾ ’ਤੇ ਪਾਰਟੀ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਮੋੜਵਾਂ ਹੱਲਾ ਬੋਲਦਿਆਂ ਕਿਹਾ ਕਿ ਜਿਹੜੇ ‘ਨਫ਼ਰਤ, ਕੱਟੜਤਾ ਤੇ ਪੱਖਪਾਤ ਦੀ ਅੱਗ ਭੜਕਾਉਂਦੇ ਹਨ, ਉਨ੍ਹਾਂ ਨੂੰ ਉਸੇ ਲਹਿਜ਼ੇ ਵਿਚ ਜਵਾਬ ਲੈਣ ਲਈ ਵੀ ਤਿਆਰ ਰਹਿਣਾ ਚਾਹੀਦਾ ਹੈ।’ ਰਮੇਸ਼ ਨੇ ਕਿਹਾ ਕਿ ਆਰਐੱਸਐੱਸ-ਭਾਜਪਾ ਕਾਂਗਰਸ ਦੇ ਤਿੱਖੇ ਜਵਾਬਾਂ ਦੇ ਆਦੀ ਨਹੀਂ ਹਨ ਤੇ ਜਦ ਵਿਰੋਧੀ ਧਿਰ ਤਿੱਖੇ ਜਵਾਬ ਦਿੰਦੀ ਹੈ ਤਾਂ ਉਹ ‘ਟਲਦੇ’ ਹਨ। ਕਾਂਗਰਸ ਆਗੂ ਨੇ ਕਿਹਾ ਕਿ ਭਾਜਪਾ ਵੱਲੋਂ ਨਫ਼ਰਤ, ਝੂਠ ਤੇ ਪੱਖਪਾਤ ਨੂੰ ਸ਼ਹਿ ਦੇਣ ਦੀਆਂ ਕਈ ਉਦਾਹਰਨਾਂ ਮੌਜੂਦ ਹਨ। -ਪੀਟੀਆਈ