ਨਵੀਂ ਦਿੱਲੀ: ਕੇਂਦਰੀ ਮਹਿਲਾ ਤੇ ਬਾਲ ਵਿਕਾਸ ਮੰਤਰਾਲੇ ਨੇ ਅੱਜ ਕਿਹਾ ਕਿ ਲੰਘੇ ਤਿੰਨ ਸਾਲਾਂ ਦੌਰਾਨ ਬੱਚਿਆਂ ਦਾ ਸਰੀਰਕ ਸ਼ੋਸ਼ਣ ਰੋਕਣ ਲਈ ਬਣੇ ਕਾਨੂੰਨ (ਪੋਕਸੋ) ਤਹਿਤ 11 ਹਜ਼ਾਰ ਤੋਂ ਵੱਧ ਲੋਕਾਂ ਨੂੰ ਦੋਸ਼ੀ ਸਾਬਤ ਕੀਤਾ ਗਿਆ ਹੈ। ਕੇਂਦਰ ਸਰਕਾਰ ਵੱਲੋਂ ਅੱਜ ਰਾਜ ਸਭਾ ’ਚ ਇੱਕ ਸਵਾਲ ਦੇ ਜਵਾਬ ’ਚ ਇਹ ਜਾਣਕਾਰੀ ਦਿੱਤੀ ਗਈ। ਕੇਂਦਰੀ ਮਹਿਲਾ ਤੇ ਬਾਲ ਵਿਕਾਸ ਮੰਤਰੀ ਸਮ੍ਰਿਤੀ ਇਰਾਨੀ ਨੇ ਇਸ ਸਬੰਧੀ ਲਿਖਤੀ ਜਵਾਬ ਪੇਸ਼ ਕੀਤਾ ਅਤੇ ਨਾਲ ਹੀ ਸਾਲ 2014 ਤੋਂ 2016 ਵਿਚਾਲੇ ਸੂਬਿਆਂ ਦੇ ਆਧਾਰ ’ਤੇ ਪ੍ਰਾਪਤ ਅੰਕੜੇ ਵੀ ਪੇਸ਼ ਕੀਤੇ। ਸਮ੍ਰਿਤੀ ਇਰਾਨੀ ਨੇ ਦੱਸਿਆ ਕਿ 2014 ’ਚ 2,686, 2015 ’ਚ 4,567 ਅਤੇ 2016 ’ਚ 3,859 ਲੋਕਾਂ ਨੂੰ ਪੋਕਸੋ ਐਕਟ ਤਹਿਤ ਦੋਸ਼ੀ ਠਹਿਰਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ’ਚ ਜ਼ਿਆਦਾਤਰ ਦੋਸ਼ੀ ਮੱਧ ਪ੍ਰਦੇਸ਼ ਤੇ ਉੱਤਰ ਪ੍ਰਦੇਸ਼ ਨਾਲ ਸਬੰਧਤ ਹਨ। -ਆਈਏਐੱਨਐੱਸ