ਸੀਤਲਕੂਚੀ: ਸੀਆਈਐੱਸਐੱਫ ਜਵਾਨਾਂ ਵੱਲੋਂ ਕੀਤੀ ਗਈ ਗੋਲੀਬਾਰੀ ’ਚ ਮਾਰੇ ਗਏ ਚਾਰ ਵਿਅਕਤੀਆਂ ਦੀਆਂ ਦੇਹਾਂ ਅੱਜ ਜਦੋਂ ਅੰਤਿਮ ਰਸਮਾਂ ਲਈ ਪਿੰਡ ਜੋਰਪਾਟਕੀ ਪਹੁੰਚੀਆਂ ਤਾਂ ਉਥੇ ਮਾਤਮ ਛਾ ਗਿਆ। ਤ੍ਰਿਣਮੂਲ ਕਾਂਗਰਸ ਦੇ ਝੰਡਿਆਂ ’ਚ ਲਪੇਟੀਆਂ ਦੇਹਾਂ ’ਤੇ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਪਾਰਥਾ ਪ੍ਰਤਿਮ ਰੌਏ ਨੇ ਸ਼ਰਧਾ ਦੇ ਫੁੱਲ ਭੇਟ ਕੀਤੇ। ਪਾਰਟੀ ਸੁਪਰੀਮੋ ਮਮਤਾ ਬੈਨਰਜੀ ਨੇ ਮ੍ਰਿਤਕਾਂ ਦੇ ਵਾਰਸਾਂ ਨਾਲ ਫੋਨ ’ਤੇ ਗੱਲਬਾਤ ਕੀਤੀ। ਕੂਚ ਬਿਹਾਰ ਜ਼ਿਲ੍ਹੇ ਦੇ ਸੀਤਲਕੂਚੀ ਦੇ ਇਕ ਪੋਲਿੰਗ ਬੂਥ ’ਤੇ ਸ਼ਨਿਚਰਵਾਰ ਨੂੰ ਚੌਥੇ ਗੇੜ ਦੀ ਪੋਲਿੰਗ ਦੌਰਾਨ ਸੀਆਈਐੱਸਐੱਫ ਦੇ ਜਵਾਨਾਂ ਵੱਲੋਂ ਕੀਤੀ ਗਈ ਗੋਲੀਬਾਰੀ ਨਾਲ ਚਾਰ ਵਿਅਕਤੀ ਮਾਰੇ ਗਏ ਸਨ। ਪਿੰਡ ਵਾਸੀਆਂ ਅਤੇ ਮ੍ਰਿਤਕਾਂ ਦੇ ਰਿਸ਼ਤੇਦਾਰਾਂ ਨੇ ਰੋਸ ਵਜੋਂ ਕਾਲੇ ਬੈਜ ਪਹਿਨ ਕੇ ਦੇਹਾਂ ਨਾਲ ਪੂਰੇ ਪਿੰਡ ਦਾ ਗੇੜਾ ਲਾਇਆ। ਇਲਾਕੇ ’ਚ ਤਣਾਅ ਦਾ ਮਾਹੌਲ ਸੀ ਅਤੇ ਲੋਕ ਕਾਲੀ ਝੰਡੀਆਂ ਲੈ ਕੇ ਤੁਰ ਰਹੇ ਸਨ। ਪਿੰਡ ਵਾਸੀਆਂ ਨੇ ਦਾਅਵਾ ਕੀਤਾ ਕਿ ਕੇਂਦਰੀ ਸੁਰੱਖਿਆ ਬਲਾਂ ਨੇ ਬੂਥ ਦੇ ਬਾਹਰ ਵੋਟਾਂ ਪਾਉਣ ਲਈ ਲਾਈਨਾਂ ’ਚ ਲੱਗੇ ਲੋਕਾਂ ’ਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ ਸਨ। ਉਨ੍ਹਾਂ ਇਨਸਾਫ਼ ਦੀ ਮੰਗ ਕਰਦਿਆਂ ਕਿਹਾ ਕਿ ਘਟਨਾ ਲਈ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। -ਪੀਟੀਆਈ