ਨਵੀਂ ਦਿੱਲੀ, 3 ਮਈ
ਭਾਰਤ ਵਿੱਚ ਪਿਛਲੇ 24 ਘੰਟਿਆਂ ਦੌਰਾਨ ਰਿਪੋਰਟ ਹੋਣ ਵਾਲੇ ਕਰੋਨਾਵਾਇਰਸ ਦੇ ਕੇਸਾਂ ’ਚ ਕੁਝ ਨਿਘਾਰ ਵੇਖਣ ਨੂੰ ਮਿਲਿਆ ਹੈ। ਸੋਮਵਾਰ ਸਵੇਰੇ ਅੱਠ ਵਜੇ ਤੱਕ ਕਰੋਨਾ ਦੀ ਲਾਗ ਦੇ 3,68,147 ਨਵੇਂ ਕੇਸ ਰਿਪੋਰਟ ਹੋਏ ਹਨ, ਜਿਸ ਨਾਲ ਹੁਣ ਤੱਕ ਕੁੱਲ ਕੇਸਾਂ ਦੀ ਗਿਣਤੀ 1,99,25,604 ਹੋ ਗਈ ਹੈ। ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਇਸੇ ਅਰਸੇ ਦੌਰਾਨ 3417 ਹੋਰ ਮੌਤਾਂ ਨਾਲ ਕਰੋਨਾ ਕਰਕੇ ਦਮ ਤੋੜਨ ਵਾਲਿਆਂ ਦੀ ਗਿਣਤੀ ਵਧ ਕੇ 2,18,959 ਹੋ ਗਈ ਹੈ। ਚੇਤੇ ਰਹੇ ਕਿ 1 ਤੇ 2 ਮਈ ਨੂੰ ਕ੍ਰਮਵਾਰ 4.01 ਲੱਖ ਤੇ 3.92 ਲੱਖ ਦੇ ਕਰੀਬ ਕੇਸ ਰਿਪੋਰਟ ਹੋਏ ਸਨ। ਸਰਗਰਮ ਕੇਸਾਂ ਦੀ ਗਿਣਤੀ 34,13,642 ਹੈ ਜੋਂ ਕੁਲ ਕੇਸਲੋਡ ਦਾ 17.13 ਫੀਸਦ ਹੈ। ਕਰੋਨਾ ਦੀ ਲਾਗ ਤੋਂ ਸਿਹਤਯਾਬ ਹੋਣ ਵਾਲਿਆਂ ਦੀ ਦਰ 81.77 ਫੀਸਦ ਹੈ। ਹੁਣ ਤੱਕ 1,62,93,003 ਮਰੀਜ਼ ਕਰੋਨਾ ਮਹਾਮਾਰੀ ਨੂੰ ਭਾਂਜ ਦੇ ਕੇ ਤੰਦਰੁਸਤ ਹੋਣ ਵਿੱਚ ਸਫ਼ਲ ਰਹੇ ਹਨ। ਕਰੋਨਾ ਕਰਕੇ ਹੋਣ ਵਾਲੀਆਂ ਮੌਤਾਂ ਦੀ ਦਰ 1.1 ਫੀਸਦ ਹੈ। ਪੰਜਾਬ ਵਿੱਚ ਪਿਛਲੇ 24 ਘੰਟਿਆਂ ਦੌਰਾਨ 157 ਹੋਰ ਮੌਤਾਂ ਹੋਣ ਦੀ ਰਿਪੋਰਟ ਹੈ। -ਪੀਟੀਆਈ