ਨਵੀਂ ਦਿੱਲੀ, 15 ਨਵੰਬਰ
ਭਾਰਤ ’ਚ ਕਰੋਨਾ ਕੇਸਾਂ ਦਾ ਅੰਕੜਾ 88 ਲੱਖ ਤੋਂ ਪਾਰ ਹੋ ਗਿਆ ਹੈ ਜਦਕਿ ਹੁਣ ਤਕ 82 ਲੱਖ ਤੋਂ ਵੱਧ ਮਰੀਜ਼ ਠੀਕ ਹੋਣ ਨਾਲ ਕੌਮੀ ਸਿਹਤਯਾਬੀ ਦਰ 93.09 ਫ਼ੀਸਦੀ ਹੋ ਗਈ ਹੈ। ਸਿਹਤ ਮੰਤਰਾਲੇ ਵੱਲੋਂ ਸਵੇੇਰੇ 8 ਵਜੇ ਜਾਰੀ ਅੰਕੜਿਆਂ ਮੁਤਾਬਕ ਲੰਘੇ 24 ਘੰਟਿਆਂ ’ਚ ਕਰੋਨਾ ਦੇ 41,100 ਨਵੇਂ ਕੇਸ ਆਉਣ ਨਾਲ ਕੇਸਾਂ ਦੀ ਕੁੱਲ ਗਿਣਤੀ 88,14,579 ਹੋ ਗਈ ਹੈ ਜਦਕਿ 447 ਸੱਜਰੀਆਂ ਮੌਤਾਂ ਨਾਲ ਲਾਗ ਕਾਰਨ ਮ੍ਰਿਤਕਾਂ ਦਾ ਅੰਕੜਾ 1,29,635 ਤਕ ਪਹੁੰਚ ਗਿਆ ਹੈ।
ਅੰਕੜਿਆਂ ਮੁਤਾਬਕ ਲਗਾਤਾਰ 5ਵੇਂ ਦਿਨ ਕਰੋਨਾ ਦੇ ਸਰਗਰਮ ਮਰੀਜ਼ਾਂ ਦੀ ਗਿਣਤੀ 5 ਲੱਖ ਤੋਂ ਹੇਠਾਂ ਰਹੀ। ਹੁਣ ਤੱਕ ਦੇਸ਼ ’ਚ 4,79,216 ਸਰਗਰਮ ਮਰੀਜ਼ ਹਨ, ਜੋ ਕੁੱਲ ਕੇਸਾਂ ਦਾ 5.44 ਫ਼ੀਸਦੀ ਹਿੱਸਾ ਹਨ। ਦੂਜੇ ਪਾਸੇ ਹੁਣ ਤਕ 82,05,728 ਮਰੀਜ਼ ਠੀਕ ਹੋਣ ਨਾਲ ਕੌਮੀ ਸਿਹਤਯਾਬੀ ਦਰ 93.09 ਫ਼ੀਸਦੀ ਹੋ ਗਈ ਹੈ ਜਦਕਿ ਮੌਤ ਦਰ 1.47 ਫ਼ੀਸਦੀ ਹੈ। ਲੰਘੇ 24 ਘੰਟਿਆਂ ’ਚ ਹੋਈਆਂ 447 ਮੌਤਾਂ ਵਿੱਚੋਂ ਸਭ ਤੋਂ ਵੱਧ 105 ਮਹਾਰਾਸ਼ਟਰ ’ਚ, ਦਿੱਲੀ 96, ਪੱਛਮੀ ਬੰਗਾਲ 53 ਜਦਕਿ ਬਾਕੀ ਹੋਰ ਰਾਜਾਂ ’ਚ ਹੋਈਆਂ ਹਨ। -ਪੀਟੀਆਈ
ਪੰਜਾਬ ਵਿੱਚ ਕੋਵਿਡ ਨੇ ਲਈਆਂ 30 ਜਾਨਾਂ
ਚੰਡੀਗੜ੍ਹ: ਪੰਜਾਬ ਵਿੱਚ ਪਿਛਲੇ ਦੋ ਦਿਨਾਂ ਦੌਰਾਨ ਕੋਵਿਡ ਨੇ 30 ਵਿਅਕਤੀਆਂ ਦੀ ਜਾਨ ਲੈ ਲਈ ਹੈ। ਇਨ੍ਹਾਂ ਦੋ ਦਿਨਾਂ ਦੌਰਾਨ 1054 ਸੱਜਰੇ ਮਾਮਲੇ ਸਾਹਮਣੇ ਆਏ ਹਨ। ਸੂਬੇ ਵਿੱਚ ਮਹਾਮਾਰੀ ਦੀ ਭੇਟ ਚੜ੍ਹਨ ਵਾਲੇ ਵਿਅਕਤੀਆਂ ਦੀ ਗਿਣਤੀ 4458 ਤੱਕ ਅੱਪੜ ਗਈ ਹੈ। ਇਨ੍ਹਾਂ ਦੋ ਦਿਨਾਂ ਦੌਰਾਨ 1020 ਵਿਅਕਤੀ ਸਿਹਤਯਾਬ ਵੀ ਹੋਏ ਹਨ ਤੇ ਇਸ ਸਮੇਂ ਇਲਾਜ ਅਧੀਨ ਵਿਅਕਤੀਆਂ ਦੀ ਗਿਣਤੀ 5769 ਦੱਸੀ ਗਈ ਹੈ। ਸਿਹਤ ਵਿਭਾਗ ਮੁਤਾਬਕ ਦੋ ਦਿਨਾਂ ਦੌਰਾਨ ਹੋਈਆਂ ਮੌਤਾਂ ਦੇ ਮਾਮਲੇ ਵਿੱਚ ਜ਼ਿਲ੍ਹਾਵਾਰ ਸਥਿਤੀ ਦੇਖੀ ਜਾਵੇ ਤਾਂ ਜਲੰਧਰ ਵਿੱਚ ਸਭ ਤੋਂ ਜ਼ਿਆਦਾ 7, ਬਠਿੰਡਾ ਤੇ ਸੰਗਰੂਰ ਵਿੱਚ 4-4, ਪਟਿਆਲਾ ਵਿੱਚ 3, ਫਾਜ਼ਿਲਕਾ, ਹੁਸ਼ਿਆਰਪੁਰ, ਗੁਰਦਾਸਪੁਰ ਤੇ ਮੁਕਤਸਰ ਵਿੱਚ 2-2, ਅੰਮ੍ਰਿਤਸਰ, ਕਪੂਰਥਲਾ, ਲੁਧਿਆਣਾ ਅਤੇ ਮੁਹਾਲੀ ਵਿੱਚ ਇੱਕ-ਇੱਕ ਵਿਅਕਤੀ ਦੀ ਮੌਤ ਹੋਈ ਹੈ। ਟ.ਨ.ਸ.
ਮਨੀਪੁਰ ਦੇ ਮੁੱਖ ਮੰਤਰੀ ਬੀਰੇਨ ਸਿੰਘ ਕਰੋਨਾ ਪਾਜ਼ੇਟਿਵ
ਇੰਫਾਲ: ਮਨੀਪੁਰ ਦੇ ਮੁੱਖ ਮੰਤਰੀ ਐੱਨ. ਬੀਰੇਨ ਸਿੰਘ ਦੀ ਕੋਵਿਡ- 19 ਟੈਸਟ ਦੀ ਰਿਪੋਰਟ ਅੱਜ ਪਾਜ਼ੇਟਿਵ ਆਈ ਹੈ। ਉਨ੍ਹਾਂ ਟਵੀਟ ਕਰਦਿਆਂ ਦੱਸਿਆ,‘ਮੇਰੀ ਕੋਵਿਡ- 19 ਰਿਪੋਰਟ ਪਾਜ਼ੇਟਿਵ ਆਈ ਹੈ। ਮੈਂ ਹਾਲ ਹੀ ’ਚ ਆਪਣੇ ਸੰਪਰਕ ’ਚ ਆਉਣ ਵਾਲੇ ਸਾਰੇ ਲੋਕਾਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਖ਼ੁਦ ਨੂੰ ਏਕਾਂਤਵਾਸ ਕਰ ਲੈਣ ਤੇ ਆਪਣੇ ਕੋਵਿਡ- 19 ਟੈਸਟ ਕਰਵਾਉਣ।’ ਸਿਹਤ ਵਿਭਾਗ ਦੇ ਇੱਕ ਅਧਿਕਾਰੀ ਮੁਤਾਬਕ ਮੁੱਖ ਮੰਤਰੀ ਹੁਣ ਏਕਾਂਤਵਾਸ ’ਚ ਹਨ। -ਆਈਏਐੱਨਐੱਸ
ਸੀਨੀਅਰ ਕਾਂਗਰਸੀ ਆਗੂ ਅਹਿਮਦ ਪਟੇਲ ਆਈਸੀਯੂ ’ਚ ਦਾਖ਼ਲ
ਨਵੀਂ ਦਿੱਲੀ: ਸੀਨੀਅਰ ਕਾਂਗਰਸੀ ਆਗੂ ਅਹਿਮਦ ਪਟੇਲ ਨੂੰ ਮੇਦਾਂਤਾ ਹਸਪਤਾਲ, ਗੁੜਗਾਓਂ ਦੇ ਆਈਸੀਯੂ ’ਚ ਦਾਖ਼ਲ ਕਰਵਾਇਆ ਗਿਆ ਹੈ। ਕੁਝ ਹਫ਼ਤੇ ਪਹਿਲਾਂ ਉਨ੍ਹਾਂ ਦੀ ਕੋਵਿਡ- 19 ਰਿਪੋਰਟ ਪਾਜ਼ੇਟਿਵ ਮਿਲੀ ਸੀ। ਸ੍ਰੀ ਪਟੇਲ ਦੇ ਪੁੱਤਰ ਫ਼ੈਸਲ ਨੇ ਟਵੀਟ ਕਰਦਿਆਂ ਕਿਹਾ,‘ਉਨ੍ਹਾਂ ਦੀ ਹਾਲਤ ਸਥਿਰ ਹੈ ਅਤੇ ਉਹ ਡਾਕਟਰਾਂ ਦੀ ਦੇਖ-ਰੇਖ ’ਚ ਹਨ… ਅਸੀਂ ਤੁਹਾਨੂੰ ਪ੍ਰਾਰਥਨਾ ਕਰਦੇ ਹਾਂ ਕਿ ਤੁਸੀਂ ਉਨ੍ਹਾਂ ਦੇ ਜਲਦੀ ਠੀਕ ਹੋਣ ਦੀ ਦੁਆ ਕਰੋ।’ -ਪੀਟੀਆਈ