ਨਵੀਂ ਦਿੱਲੀ, 19 ਮਈ
ਮੁਲਕ ਜਦੋਂ ਕਰੋਨਾਵਾਇਰਸ ਮਹਾਮਾਰੀ ਦੀ ਦੂਜੀ ਲਹਿਰ ਨਾਲ ਸਿੱਝਣ ਲਈ ਸੰਘਰਸ਼ ਕਰ ਰਿਹਾ ਹੈ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਭਾਵਸ਼ਾਲੀ ਆਗੂ ਵਜੋਂ ਦਿਖ ਨੂੰ ਨੁਕਸਾਨ ਪਹੁੰਚਿਆ ਹੈ। ਦੋ ਸਰਵੇਖਣਾਂ ’ਚ ਦਰਸਾਇਆ ਗਿਆ ਹੈ ਕਿ ਸ੍ਰੀ ਮੋਦੀ ਦੀ ਰੇਟਿੰਗ ਹੋਰ ਹੇਠਾਂ ਚਲੀ ਗਈ ਹੈ। ਸਾਲ 2014 ’ਚ ਸੱਤਾ ’ਚ ਆਏ ਸ੍ਰੀ ਮੋਦੀ ਨੇ 2019 ’ਚ ਮੁੜ ਚੋਣ ਜਿੱਤ ਕੇ ਤਾਕਤਵਰ ਰਾਸ਼ਟਰਵਾਦੀ ਆਗੂ ਵਜੋਂ ਆਪਣਾ ਰੁਤਬਾ ਵਧਾਇਆ ਸੀ। ਪਰ ਦੇਸ਼ ’ਚ ਇਸ ਹਫ਼ਤੇ ਕਰੋਨਾ ਦੇ ਕੇਸ ਢਾਈ ਕਰੋੜ ਤੋਂ ਜ਼ਿਆਦਾ ਹੋਣ ਮਗਰੋਂ ਮਹਾਮਾਰੀ ਨਾਲ ਜੂਝਣ ਦੀ ਤਿਆਰੀਵਿੱਚ ਕਮੀ ਨੇ ਸ੍ਰੀ ਮੋਦੀ ਦੇ ਰੁਤਬੇ ਨੂੰ ਖੋਰਾ ਲਗਾ ਦਿੱਤਾ। ਆਲਮੀ ਆਗੂਆਂ ਦੇ ਰੁਤਬੇ ਉੱਤੇ ਨਜ਼ਰ ਰੱਖਣ ਵਾਲੀ ਅਮਰੀਕੀ ਡੇਟਾ ਇੰਟੈਲੀਜੈਂਸ ਕੰਪਨੀ ‘ਮੌਰਨਿੰਗ ਕੰਸਲਟ’ ਨੇ ਇਸ ਦਾ ਖ਼ੁਲਾਸਾ ਕੀਤਾ ਹੈ। ਸ੍ਰੀ ਮੋਦੀ ਦੀ ਓਵਰਆਲ ਰੇਟਿੰਗ ਇਸ ਹਫ਼ਤੇ 63 ਫ਼ੀਸਦ ਰਹੀ ਜੋ ਅਗਸਤ 2019 ਤੋਂ ਸਭ ਤੋਂ ਘੱਟ ਹੈ। ਰੇਟਿੰਗ ’ਚ ਸਭ ਤੋਂ ਵੱਧ ਗਿਰਾਵਟ ਅਪਰੈਲ ’ਚ ਦਰਜ ਹੋਈ ਜਦੋਂ ਇਹ 22 ਅੰਕ ਡਿੱਗ ਗਈ ਸੀ।
ਭਾਰਤੀ ਪੋਲਿੰਗ ਏਜੰਸੀ ਸੀ-ਵੋਟਰ ਦੇ ਸਰਵੇਖਣ ’ਚ ਪਾਇਆ ਗਿਆ ਹੈ ਕਿ ਪ੍ਰਧਾਨ ਮੰਤਰੀ ਦੀ ਕਾਰਗੁਜ਼ਾਰੀ ਪਿਛਲੇ ਸਾਲ ਦੇ 65 ਫ਼ੀਸਦੀ ਦੇ ਮੁਕਾਬਲੇ ਐਤਕੀਂ 37 ਫ਼ੀਸਦ ਤੱਕ ਡਿੱਗ ਗਈ। ਸੱਤ ਸਾਲਾਂ ’ਚ ਪਹਿਲੀ ਵਾਰ ਹੈ ਕਿ ਲੋਕਾਂ ਨੇ ਮੋਦੀ ਸਰਕਾਰ ਦੀ ਕਾਰਗੁਜ਼ਾਰੀ ’ਤੇ ਸਵਾਲ ਉਠਾਉਂਦਿਆਂ ਇਸ ਨੂੰ ਤਸੱਲੀਬਖ਼ਸ਼ ਨਹੀਂ ਕਰਾਰ ਦਿੱਤਾ।
ਸੀ-ਵੋਟਰ ਦੇ ਬਾਨੀ ਯਸ਼ਵੰਤ ਦੇਸ਼ਮੁਖ ਨੇ ਖ਼ਬਰ ਏਜੰਸੀ ਨੂੰ ਦੱਸਿਆ ਕਿ ਪ੍ਰਧਾਨ ਮੰਤਰੀ ਆਪਣੇ ਕਰੀਅਰ ਦੀ ਸਭ ਤੋਂ ਵੱਡੀ ਸਿਆਸੀ ਚੁਣੌਤੀ ਦਾ ਸਾਹਮਣਾ ਕਰ ਰਹੇ ਹਨ।
ਮਹਾਮਾਰੀ ਦੇ ਕਹਿਰ ਦੌਰਾਨ ਦਿੱਲੀ ਅਤੇ ਹੋਰ ਵੱਡੇ ਸ਼ਹਿਰਾਂ ਦੇ ਹਸਪਤਾਲਾਂ ’ਚ ਬੈੱਡਾਂ, ਆਕਸੀਜਨ ਅਤੇ ਹੋਰ ਜ਼ਰੂਰੀ ਦਵਾਈਆਂ ਦੀ ਕਮੀ ਕਾਰਨ ਸ੍ਰੀ ਮੋਦੀ ਦੀ ਮਕਬੂਲੀਅਤ ’ਚ ਨਿਘਾਰ ਆਇਆ ਹੈ। ਕਾਂਗਰਸ ਆਗੂ ਪੀ ਚਿਦੰਬਰਮ ਨੇ ਕਿਹਾ,‘‘ਮੁਲਕ ਦੇ ਲੋਕਾਂ ਖਾਸ ਕਰ ਕੇ ਵੱਡੀ ਅਬਾਦੀ ਇਸ ਨਤੀਜੇ ’ਤੇ ਪਹੁੰਚੀ ਹੈ ਕਿ ਉਨ੍ਹਾਂ ਨੂੰ ਆਪਣੀ ਅਤੇ ਆਪਣੇ ਨਜ਼ਦੀਕੀਆਂ ਦੀ ਜਾਨ ਬਚਾਉਣ ਲਈ ਖੁਦ ਹੀ ਤਰੱਦਦ ਕਰਨਾ ਪਵੇਗਾ। ਕੋਵਿਡ-19 ਖ਼ਿਲਾਫ਼ ਜੰਗ ’ਚ ਕੇਂਦਰ ਸਰਕਾਰ ਪਿੱਠ ਦਿਖਾ ਗਈ ਹੈ।’’
ਸੀ-ਵੋਟਰ ਦੇ ਸਰਵੇਖਣ ਮੁਤਾਬਕ ਸ੍ਰੀ ਮੋਦੀ ਅਜੇ ਵੀ ਦੇਸ਼ ਦੇ ਸਭ ਤੋਂ ਮਕਬੂਲ ਸਿਆਸਤਦਾਨ ਹਨ ਕਿਉਂਕਿ ਵਿਰੋਧੀ ਧਿਰ ਸਰਕਾਰ ਦੀ ਨਾਕਾਮੀ ਨੂੰ ਹੋਰ ਪੁਖ਼ਤਾ ਤਰੀਕੇ ਨਾਲ ਉਭਾਰਨ ’ਚ ਨਾਕਾਮ ਰਹੀ ਹੈ। -ਰਾਇਟਰਜ਼