ਲਖਨਊ, 24 ਦਸੰਬਰ
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਦੇਸ਼ ਦੇ ਵੱਖ-ਵੱਖ ਰਾਜਾਂ ਵਿਚ ਕੋਵਿਡ-19 ਦੇ ਮਾਮਲਿਆਂ ਵਿਚ ਹੋ ਰਹੇ ਵਾਧੇ ਨੂੰ ਦੇਖਦੇ ਹੋਏ ਸ਼ਨਿਚਰਵਾਰ, 25 ਦਸੰਬਰ ਤੋਂ ਸੂਬੇ ਭਰ ਵਿਚ ਰਾਤ ਦਾ ਕਰੋਨਾ ਕਰਫਿਊ ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਹਨ। ਰਾਤ ਦਾ ਇਹ ਕਰਫਿਊ ਸੂਬੇ ਵਿਚ ਰਾਤ 11 ਵਜੇ ਤੋਂ ਸਵੇਰੇ 5 ਵਜੇ ਤੱਕ ਪ੍ਰਭਾਵੀ ਹੋਵੇਗਾ। ਵਧੀਕ ਮੁੱਖ ਸਕੱਤਰ (ਸੂਚਨਾ) ਨਵਨੀਤ ਸਹਿਗਲ ਨੇ ਸ਼ੁੱਕਰਵਾਰ ਨੂੰ ਜਾਰੀ ਇਕ ਬਿਆਨ ਵਿਚ ਦੱਸਿਆ ਕਿ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਉੱਚ ਪੱਧਰੀ ਟੀਮ ਨੂੰ ਨਿਰਦੇਸ਼ ਦਿੱਤੇ ਹਨ ਕਿ ਦੇਸ਼ ਦੇ ਵੱਖ-ਵੱਖ ਸੂਬਿਆਂ ਵਿਚ ਕੋਵਿਡ-19 ਦੇ ਮਾਮਲਿਆਂ ਦੀ ਗਿਣਤੀ ਵਿਚ ਹੋ ਰਹੇ ਵਾਧੇ ਦੇ ਮੱਦੇਨਜ਼ਰ ਕੁਝ ਸਖ਼ਤ ਕਦਮ ਉਠਾਉਣੇ ਜ਼ਰੂਰੀ ਹਨ। ਮੁੱਖ ਮੰਤਰੀ ਨੇ ਨਿਰਦੇਸ਼ ਦਿੱਤਾ ਹੈ ਕਿ 25 ਦਸੰਬਰ ਤੋਂ ਸੂਬੇ ਭਰ ਵਿਚ ਰਾਤ ਦਾ ਇਹ ਕਰੋਨਾ ਕਰਫਿਊ ਹਰ ਰੋਜ਼ ਰਾਤ 11 ਵਜੇ ਤੋਂ ਸਵੇਰੇ 5 ਵਜੇ ਤੱਕ ਲਾਗੂ ਹੋਵੇਗਾ। ਉਨ੍ਹਾਂ ਕਿਹਾ ਕਿ ਵਿਆਹ ਤੇ ਹੋਰ ਜਨਤਕ ਸਮਾਰੋਹਾਂ ਵਿਚ ਕੋਵਿਡ ਨੇਮਾਂ ਦੀ ਪਾਲਣਾ ਨਾਲ ਜ਼ਿਆਦਾ ਤੋਂ ਜ਼ਿਆਦਾ 200 ਲੋਕਾਂ ਦੀ ਸ਼ਮੂਲੀਅਤ ਦੀ ਇਜਾਜ਼ਤ ਹੋਵੇ ਅਤੇ ਪ੍ਰਬੰਧਕ ਇਸ ਦੀ ਜਾਣਕਾਰੀ ਸਥਾਨਕ ਪ੍ਰਸ਼ਾਸਨ ਨੂੰ ਦੇਣ। ਦੁਕਾਨਦਾਰਾਂ ਨੂੰ ਵੀ ਬਿਨਾ ਮਾਸਕ ਵਾਲੇ ਗਾਹਕ ਨੂੰ ਸਾਮਾਨ ਨਾ ਦੇਣ ਦੀ ਹਦਾਇਤ ਕੀਤੀ ਗਈ ਹੈ। -ਪੀਟੀਆਈ