ਰਾਏਪੁਰ: ਕੋਵਿਡ-19 ਮਹਾਮਾਰੀ ਦੌਰਾਨ ਮਾਓਵਾਦੀਆਂ ਨੂੰ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਊਨ੍ਹਾਂ ਦੀ ਸਪਲਾਈ ’ਚ ਅੜਿੱਕਾ ਪੈਣ ਦੇ ਨਾਲ ਹੀ ਸੁਕਮਾ ਜ਼ਿਲ੍ਹੇ ’ਚ ਮੁਕਾਬਲੇ ਦੌਰਾਨ ਵੱਡਾ ਜਾਨੀ ਨੁਕਸਾਨ ਵੀ ਝੱਲਣਾ ਪਿਆ ਹੈ। ਇਹ ਖ਼ੁਲਾਸਾ ਛੱਤੀਸਗੜ੍ਹ ਪੁਲੀਸ ਨੂੰ ਮਿਲੇ ਦਸਤਾਵੇਜ਼ਾਂ ’ਚ ਹੋਇਆ ਹੈ। ਬਸਤਰ ਰੇਂਜ ਦੇ ਆਈਜੀ ਸੁੰਦਰਰਾਜ ਪੀ ਨੇ ਦੱਸਿਆ ਕਿ ਸੁਰੱਖਿਆ ਬਲਾਂ ਨੇ ਇਲਾਕੇ ’ਚ ਮਾਓਵਾਦੀਆਂ ਖਿਲਾਫ਼ ਕਾਰਵਾਈ ਤੇਜ਼ ਕਰ ਦਿੱਤੀ ਹੈ। ਇਹ ਦਸਤਾਵੇਜ਼ 8 ਸਤੰਬਰ ਨੂੰ ਸੁਕਮਾ ਦੇ ਐਂਟਾਪਾਡ ਪਿੰਡ ਨੇੜੇ ਜੰਗਲ ’ਚ ਹੋਏ ਮੁਕਾਬਲੇ ਦੌਰਾਨ ਮਿਲੇ ਸਨ। ਦਸਤਾਵੇਜ਼ਾਂ ਮੁਤਾਬਕ ਲੌਕਡਾਊਨ ਨੇ ਮਾਓਵਾਦੀਆਂ ਦਾ ਭਾਰੀ ਨੁਕਸਾਨ ਕੀਤਾ ਹੈ ਅਤੇ ਊਨ੍ਹਾਂ ਕੋਲ ਸਾਮਾਨ ਨਹੀਂ ਪਹੁੰਚਿਆ। ਇਸ ਵਕਫ਼ੇ ਦੌਰਾਨ ਨਾ ਦਵਾਈਆਂ ਅਤੇ ਨਾ ਹੀ ਰਾਸ਼ਨ ਦਾ ਪ੍ਰਬੰਧ ਹੋ ਸਕਿਆ। ਅਧਿਕਾਰੀ ਨੇ ਕਿਹਾ ਕਿ ਊਹ ਹਾਲਾਤ ਤੋਂ ਚੰਗੀ ਤਰ੍ਹਾਂ ਜਾਣੂ ਸਨ ਪਰ ਹੁਣ ਦਸਤਾਵੇਜ਼ਾਂ ਨੇ ਤਸਦੀਕ ਕਰ ਦਿੱਤੀ ਹੈ ਕਿ ਮਾਓਵਾਦੀ ਡੂੰਘੇ ਸੰਕਟ ’ਚ ਹਨ। -ਪੀਟੀਆਈ