ਮੁੰਬਈ, 15 ਮਈ
ਐਲਗਾਰ ਪ੍ਰੀਸ਼ਦ-ਮਾਓਵਾਦੀ ਲਿੰਕ ਕੇਸ ਦੇ ਮੁਲਜ਼ਮਾਂ, ਜੋ ਕਿ ਮੁੰਬਈ ਅਤੇ ਇਸ ਦੇ ਆਸ-ਪਾਸ ਦੀਆਂ ਜੇਲ੍ਹਾਂ ਵਿਚ ਹਨ, ਦੇ ਪਰਿਵਾਰਕ ਮੈਂਬਰਾਂ ਤੇ ਦੋਸਤਾਂ ਨੇ ਮਹਾਮਾਰੀ ਦੇ ਮੱਦੇਨਜ਼ਰ ਇਨ੍ਹਾਂ ਨੂੰ ਅੰਤ੍ਰਿਮ ਜ਼ਮਾਨਤ ਦੇਣ ਦੀ ਮੰਗ ਕੀਤੀ ਹੈ। ਪਰਿਵਾਰਾਂ ਮੁਤਾਬਕ ਜੇਲ੍ਹ ਵਿਚ ਸਹੂਲਤਾਂ ਐਨੀਆਂ ਨਹੀਂ ਹਨ ਕਿ ਵਾਇਰਸ ਨਾਲ ਨਜਿੱਠਿਆ ਜਾ ਸਕੇ। 16 ਮੁਲਜ਼ਮਾਂ ਦੇ ਮਿੱਤਰਾਂ ਤੇ ਪਰਿਵਾਰਾਂ ਨੇ ਇਕ ਵਰਚੁਅਲ ਪ੍ਰੈੱਸ ਕਾਨਫਰੰਸ ਵਿਚ ਇਨ੍ਹਾਂ ਨੂੰ ਅੰਤ੍ਰਿਮ ਜ਼ਮਾਨਤ ਦੇਣ ਦੀ ਮੰਗ ਕੀਤੀ ਹੈ। ਇਸ ਕੇਸ ਨਾਲ ਜੁੜੇ ਪੁਰਸ਼ ਮੁਲਜ਼ਮ ਨਵੀਂ ਮੁੰਬਈ ਦੀ ਤਲੋਜਾ ਜੇਲ੍ਹ ਤੇ ਔਰਤਾਂ ਬੈਕੁਲਾ ਜੇਲ੍ਹ (ਕੇਂਦਰੀ ਮੁੰਬਈ) ਵਿਚ ਬੰਦ ਹਨ। ਮੁਲਜ਼ਮਾਂ ਵਿਚੋਂ ਇਕ ਹਨੀ ਬਾਬੂ ਦੀ ਪਤਨੀ ਜੈਨੀ ਰੋਵੈਨਾ ਨੇ ਕਿਹਾ ਕਿ ਜੇਲ੍ਹ ਵਿਚ ਸਥਿਤੀ ਬਹੁਤ ਖ਼ਤਰਨਾਕ ਹੈ। ਉੱਥੇ ਕੋਈ ਯੋਜਨਾਬੰਦੀ ਨਹੀਂ ਕੀਤੀ ਗਈ ਅਤੇ ਜੇਲ੍ਹ ਦਾ ਅਮਲਾ ਵੀ ਪਾਜ਼ੇਟਿਵ ਆ ਰਿਹਾ ਹੈ। -ਪੀਟੀਆਈ