ਨਵੀਂ ਦਿੱਲੀ, 9 ਜਨਵਰੀ
ਭਾਰਤ ਵਿਚ ਕਰੋਨਾਵਾਇਰਸ ਦੇ ਓਮੀਕਰੋਨ ਸਰੂਪ ਦੇ 552 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਦੇਸ਼ ਦੇ 27 ਸੂਬਿਆ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਕਰੋਨਾਵਾਇਰਸ ਦੇ ਇਸ ਸਰੂਪ ਨਾਲ ਪੀੜਤ ਲੋਕਾਂ ਦੀ ਗਿਣਤੀ ਹੁਣ ਵਧ ਕੇ 3,623 ਹੋ ਚੁੱਕੀ ਹੈ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਅੱਜ ਸਵੇਰੇ 8 ਵਜੇ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਵਿਚ ਕਰੋਨਾ ਦੇ 1,59,632 ਨਵੇਂ ਕੇਸ ਭਾਰਤ ਵਿਚ ਸਾਹਮਣੇ ਆਏ ਜੋ ਕਿ ਪਿਛਲੇ 224 ਦਿਨਾਂ ਵਿਚ ਸਭ ਤੋਂ ਵੱਧ ਕੇਸ ਹਨ। ਦੇਸ਼ ਵਿਚ ਜ਼ੇਰੇ ਇਲਾਜ ਮਰੀਜ਼ਾਂ ਦੀ ਗਿਣਤੀ ਵਧ ਕੇ 5,90,611 ਹੋ ਗਈ ਹੈ ਜੋ ਕਿ ਕਰੀਬ 197 ਦਿਨਾਂ ਵਿਚ ਸਭ ਤੋਂ ਵੱਧ ਹੈ। ਇਸ ਤੋਂ ਪਹਿਲਾਂ ਪਿਛਲੇ ਸਾਲ 29 ਮਈ ਨੂੰ ਲਾਗ ਦੇ 1,65,553 ਮਾਮਲੇ ਸਾਹਮਣੇ ਆਏ ਸਨ। ਦੇਸ਼ ਵਿਚ ਪਿਛਲੇ 24 ਘੰਟਿਆਂ ਵਿਚ 327 ਲੋਕਾਂ ਦੀ ਮੌਤ ਹੋਣ ਤੋਂ ਬਾਅਦ ਕਰੋਨਾ ਕਾਰਨ ਹੋਣ ਵਾਲੀਆਂ ਕੁੱਲ ਮੌਤਾਂ ਦੀ ਗਿਣਤੀ ਵਧ ਕੇ 4,83,790 ਹੋ ਗਈ ਹੈ। ਮਹਾਰਾਸ਼ਟਰ ਵਿਚ ਓਮੀਕਰੋਨ ਦੇ ਸਭ ਤੋਂ ਜ਼ਿਆਦਾ 1009 ਮਾਮਲੇ ਸਾਹਮਣੇ ਆਏ। ਫਿਰ ਦਿੱਲੀ ਵਿਚ 513, ਕਰਨਾਟਕ ’ਚ 441, ਰਾਜਸਥਾਨ ਵਿਚ 373, ਕੇਰਲ ਵਿਚ 333 ਅਤੇ ਗੁਜਰਾਤ ਵਿਚ 204 ਮਾਮਲੇ ਸਾਹਮਣੇ ਆਏ। -ਪੀਟੀਆਈ