ਨਵੀਂ ਦਿੱਲੀ, 17 ਅਪਰੈਲ
ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਅੱਜ ਦਾਅਵਾ ਕੀਤਾ ਕਿ ਸਰਕਾਰ ਦੀ ਲਾਪ੍ਰਵਾਹੀ ਕਾਰਨ ਕਰੋਨਾ ਮਹਾਮਾਰੀ ਦੌਰਾਨ 40 ਲੱਖ ਭਾਰਤੀਆਂ ਦੀ ਮੌਤ ਹੋਈ ਹੈ ਅਤੇ ਇੱਕ ਵਾਰ ਫਿਰ ਮੰਗ ਕੀਤੀ ਹੈ ਕਿ ਮ੍ਰਿਤਕਾਂ ਦੇ ਸਾਰੇ ਪਰਿਵਾਰਾਂ ਨੂੰ 4-4 ਲੱਖ ਰੁਪਏ ਮੁਆਵਜ਼ਾ ਦਿੱਤਾ ਜਾਵੇ।
ਟਵਿੱਟਰ ‘ਤੇ ਸ੍ਰੀ ਗਾਂਧੀ ਨੇ ਨਿਊ ਯਾਰਕ ਟਾਈਮਜ਼ ਦੀ ਰਿਪੋਰਟ ਦਾ ਸਕ੍ਰੀਨਸ਼ੌਟ ਸਾਂਝਾ ਕੀਤਾ, ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਭਾਰਤ ਵਿਸ਼ਵਵਿਆਪੀ ਕੋਵਿਡ ਮੌਤਾਂ ਦੀ ਗਿਣਤੀ ਨੂੰ ਜਨਤਕ ਕਰਨ ਲਈ ਡਬਲਿਊਐੱਚਓ ਨੂੰ ਰੋਕ ਰਿਹਾ ਹੈ। ਕਾਂਗਰਸ ਨੇਤਾ ਨੇ ਟਵੀਟ ਕਰਦਿਆਂ ਦੋਸ਼ ਲਗਾਇਆ,‘ਮੋਦੀ ਜੀ ਨਾ ਤਾਂ ਸੱਚ ਬੋਲਦੇ ਹਨ ਅਤੇ ਨਾ ਹੀ ਦੂਜਿਆਂ ਨੂੰ ਬੋਲਣ ਦਿੰਦੇ ਹਨ। ਉਹ ਹਾਲੇ ਵੀ ਝੂਠ ਬੋਲਦੇ ਨੇ ਕਿ ਆਕਸੀਜਨ ਦੀ ਕਮੀ ਕਾਰਨ ਕੋਈ ਨਹੀਂ ਮਰਿਆ!’ ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਕਿਹਾ, ‘ਮੈਂ ਪਹਿਲਾਂ ਵੀ ਕਿਹਾ ਸੀ ਕੋਵਿਡ ਦੌਰਾਨ ਸਰਕਾਰ ਦੀ ਲਾਪ੍ਰਵਾਹੀ ਕਾਰਨ ਪੰਜ ਲੱਖ ਨਹੀਂ, ਸਗੋਂ 40 ਲੱਖ ਭਾਰਤੀਆਂ ਦੀ ਮੌਤ ਹੋਈ। ਆਪਣੀ ਜ਼ਿੰਮੇਵਾਰੀ ਨਿਭਾਓ ਮੋਦੀ ਜੀ ਤੇ ਹਰੇਕ (ਕੋਵਿਡ) ਪੀੜਤ ਪਰਿਵਾਰ ਨੂੰ ਚਾਰ ਲੱਖ ਰੁਪਏ ਦਾ ਮੁਆਵਜ਼ਾ ਦਿਓ।’