ਨਵੀਂ ਦਿੱਲੀ, 23 ਮਈ
ਦੇਸ਼ ’ਚ ਲਗਾਤਾਰ ਸੱਤਵੇਂ ਦਿਨ ਕਰੋਨਾਵਾਇਰਸ ਦੇ ਤਿੰਨ ਲੱਖ ਤੋਂ ਘੱਟ ਕੇਸ ਦਰਜ ਹੋਏ ਹਨ। ਪਿਛਲੇ 24 ਘੰਟਿਆਂ ਦੌਰਾਨ 2.4 ਲੱਖ ਨਵੇਂ ਕੇਸ ਸਾਹਮਣੇ ਆਏ। ਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ ਕਿ ਕਰੋਨਾ ਦੇ ਹੋਰ ਕੇਸ ਆਉਣ ਨਾਲ ਦੇਸ਼ ’ਚ ਕੋਵਿਡ-19 ਕੇਸਾਂ ਦਾ ਅੰਕੜਾ ਵੱਧ ਕੇ 2,65,30,132 ’ਤੇ ਪਹੁੰਚ ਗਿਆ ਹੈ। ਲਾਗ ਕਾਰਨ 3,741 ਹੋਰ ਵਿਅਕਤੀਆਂ ਦੀ ਮੌਤ ਹੋਣ ਕਾਰਨ ਮ੍ਰਿਤਕਾਂ ਦੀ ਗਿਣਤੀ ਵਧ ਕੇ 2,99,266 ’ਤੇ ਪਹੁੰਚ ਗਈ ਹੈ।
ਕੋਵਿਡ-19 ਦੇ ਕੁੱਲ ਸਰਗਰਮ ਕੇਸ ਘਟ ਕੇ 28,05,399 ਰਹਿ ਗਏ ਹਨ ਜਦਕਿ ਸਿਹਤਯਾਬੀ ਦਰ ਸੁਧਰ ਕੇ 88.30 ਫ਼ੀਸਦ ਹੋ ਗਈ ਹੈ। ਰੋਜ਼ਾਨਾ ਪਾਜ਼ੇਟੀਵਿਟੀ ਦਰ ਵੀ ਘੱਟ ਕੇ 11.34 ਫ਼ੀਸਦ ’ਤੇ ਪਹੁੰਚ ਗਈ ਹੈ। ਮੰਤਰਾਲੇ ਮੁਤਾਬਕ ਦੇਸ਼ ਦੇ ਕੁੱਲ ਸਰਗਰਮ ਕੇਸਾਂ ’ਚੋਂ 66.88 ਫ਼ੀਸਦ ਕੇਸ ਸੱਤ ਸੂਬਿਆਂ ’ਚ ਹਨ। ਭਾਰਤੀ ਮੈਡੀਕਲ ਖੋਜ ਪਰਿਸ਼ਦ ਮੁਤਾਬਕ 22 ਮਈ ਤੱਕ ਕੋਵਿਡ ਦੇ 32,86,07,937 ਸੈਂਪਲਾਂ ਦੇ ਟੈਸਟ ਕੀਤੇ ਜਾ ਚੁੱਕੇ ਸਨ ਜਿਨ੍ਹਾਂ ’ਚੋਂ 21,23,782 ਸੈਂਪਲ ਸ਼ਨਿਚਰਵਾਰ ਨੂੰ ਲਏ ਗਏ। ਇਹ ਲਗਾਤਾਰ ਪੰਜਵਾਂ ਦਿਨ ਹੈ ਜਦੋਂ ਮੁਲਕ ’ਚ 20 ਲੱਖ ਤੋਂ ਜ਼ਿਆਦਾ ਟੈਸਟ ਕੀਤੇ ਗਏ। ਦੇਸ਼ ’ਚ ਐਤਵਾਰ ਤੱਕ 19.50 ਕਰੋੜ ਲੋਕਾਂ ਨੂੰ ਕਰੋਨਾ ਦੀ ਵੈਕਸੀਨ ਲਗਾਈ ਜਾ ਚੁੱਕੀ ਹੈ। -ਪੀਟੀਆਈ
ਕਰੋਨਾ ਕਾਰਨ ਪੰਜਾਬ ’ਚ 172 ਅਤੇ ਹਰਿਆਣਾ ’ਚ 97 ਹੋਰ ਮੌਤਾਂ
ਚੰਡੀਗੜ੍ਹ (ਟਨਸ): ਪੰਜਾਬ ਵਿੱਚ ਕਰੋਨਾਵਾਇਰਸ ਕਾਰਨ ਬੀਤੇ 24 ਘੰਟਿਆਂ ਦੌਰਾਨ 172 ਅਤੇ ਹਰਿਆਣਾ ਵਿੱਚ 97 ਹੋਰ ਲੋਕਾਂ ਦੀ ਮੌਤ ਹੋਈ ਹੈ। ਪੰਜਾਬ ਵਿੱਚ ਕਰੋਨਾ ਕਾਰਨ ਮ੍ਰਿਤਕਾਂ ਦੀ ਗਿਣਤੀ ਵਧ ਕੇ 13281 ਅਤੇ ਹਰਿਆਣਾ ਵਿੱਚ 7512 ’ਤੇ ਪਹੁੰਚ ਗਈ ਹੈ। ਸਿਹਤ ਵਿਭਾਗ ਅਨੁਸਾਰ ਪੰਜਾਬ ਵਿੱਚ ਅੱਜ 5094 ਪਾਜ਼ੇਟਿਵ ਕੇਸ ਪਾਏ ਗਏ ਹਨ ਜਦਕਿ 8527 ਨੂੰ ਠੀਕ ਹੋਣ ਤੋਂ ਬਾਅਦ ਛੁੱਟੀ ਕਰ ਦਿੱਤੀ ਗਈ। ਇਸ ਸਮੇਂ 57,505 ਐਕਟਿਵ ਕੇਸ ਹਨ। ਸਿਹਤ ਵਿਭਾਗ ਅਨੁਸਾਰ ਬੀਤੇ 24 ਘੰਟਿਆਂ ’ਚ ਲੁਧਿਆਣਾ ’ਚ 20, ਪਟਿਆਲਾ ’ਚ 19, ਬਠਿੰਡਾ ’ਚ 18, ਮੁਹਾਲੀ, ਸੰਗਰੂਰ ’ਚ 16-16, ਅੰਮ੍ਰਿਤਸਰ ’ਚ 15, ਫਾਜ਼ਿਲਕਾ ’ਚ 10, ਜਲੰਧਰ ’ਚ 7, ਹੁਸ਼ਿਆਰਪੁਰ ’ਚ 6, ਕਪੂਰਥਲਾ, ਮੁਕਤਸਰ, ਪਠਾਕਨੋਟ ’ਚ 5-5, ਫਰੀਦਕੋਟ, ਫਤਹਿਗੜ੍ਹ ਸਾਹਿਬ, ਫਿਰੋਜ਼ਪੁਰ, ਮਾਨਸਾ, ਨਵਾਂ ਸ਼ਹਿਰ ’ਚ 4-4, ਬਰਨਾਲਾ, ਗੁਰਦਾਸਪੁਰ ’ਚ 3-3, ਰੋਪੜ ’ਚ 2, ਮੋਗਾ ਅਤੇ ਤਰਨ ਤਾਰਨ ’ਚ ਇਕ-ਇਕ ਜਣੇ ਦੀ ਮੌਤ ਹੋਈ ਹੈ। ਦੂਜੇ ਪਾਸੇ ਹਰਿਆਣਾ ਵਿੱਚ ਅੱਜ 4400 ਨਵੇਂ ਕੇਸ ਸਾਹਮਣੇ ਆਏ ਹਨ ਜਦਕਿ 9480 ਨੂੰ ਠੀਕ ਹੋਣ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ। ਇਸ ਸਮੇਂ ਸੂਬੇ ’ਚ 42,816 ਐਕਟਿਵ ਕੇਸ ਹਨ।