ਨਵੀਂ ਦਿੱਲੀ, 9 ਮਾਰਚ
ਸਿਹਤ ਮੰਤਰਾਲੇ ਮੁਤਾਬਕ ਅੱਜ 20 ਲੱਖ ਤੋਂ ਵੱਧ ਲੋਕਾਂ ਨੂੰ ਕਰੋਨਾਵਾਇਰਸ ਵੈਕਸੀਨ ਲਾਈ ਗਈ ਹੈ। ਇਕ ਦਿਨ ਵਿਚ ਵੈਕਸੀਨ ਦੀ ਖ਼ੁਰਾਕ ਦੇਣ ਦੇ ਮਾਮਲੇ ਵਿਚ ਇਹ ਅੰਕੜਾ ਹੁਣ ਤੱਕ ਦਾ ਸਭ ਤੋਂ ਵੱਧ ਹੈ। ਹੁਣ ਤੱਕ 2.3 ਕਰੋੜ ਲੋਕਾਂ ਨੂੰ ਵੈਕਸੀਨ ਲਾਇਆ ਜਾ ਚੁੱਕਾ ਹੈ। ਜ਼ਿਕਰਯੋਗ ਹੈ ਕਿ ਪਹਿਲਾਂ ਟੀਕਾ ਸਿਹਤ ਕਾਮਿਆਂ, ਅਗਲੀ ਕਤਾਰ ਦੇ ਵਰਕਰਾਂ ਨੂੰ ਲਾਇਆ ਜਾ ਰਿਹਾ ਹੈ। ਇਸੇ ਦੌਰਾਨ ਮਹਾਰਾਸ਼ਟਰ, ਕੇਰਲਾ, ਪੰਜਾਬ, ਤਾਮਿਲਨਾਡੂ, ਗੁਜਰਾਤ ਤੇ ਕਰਨਾਟਕ ਵਿਚ ਕੋਵਿਡ-19 ਦੇ ਕੇਸ ਵੱਧ ਰਹੇ ਹਨ। ਪਿਛਲੇ 24 ਘੰਟਿਆਂ ਦੌਰਾਨ ਨਵੇਂ 15,388 ਮਾਮਲੇ ਸਾਹਮਣੇ ਆਏ ਹਨ। ਮੁਲਕ ਵਿਚ ਐਕਟਿਵ ਕੇਸ ਇਸ ਵੇਲੇ 1,87,462 ਹਨ। ਇਕ ਦਿਨ ਦੌਰਾਨ 77 ਤੋਂ ਵੱਧ ਮੌਤਾਂ ਵੀ ਹੋਈਆਂ ਹਨ। ਇਸੇ ਦੌਰਾਨ ਰਾਜਸਥਾਨ ਵਿਚ ਕਰੋਨਾ ਵੈਕਸੀਨ ਦੀ ਘਾਟ ਪੈਦਾ ਹੋਣ ਦੀ ਰਿਪੋਰਟ ਦਾ ਕੇਂਦਰ ਸਰਕਾਰ ਨੇ ਖੰਡਨ ਕੀਤਾ ਹੈ। ਸਰਕਾਰ ਨੇ ਕਿਹਾ ਕਿ ਵੈਕਸੀਨ ਦੀ ਗਿਣਤੀ ਦੀ ਸਾਰੇ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਨਿਗਰਾਨੀ ਕੀਤੀ ਜਾ ਰਹੀ ਹੈ। ਕੇਂਦਰ ਮੁਤਾਬਕ ਰਾਜਸਥਾਨ ਨੂੰ 37.61 ਲੱਖ ਡੋਜ਼ ਸਪਲਾਈ ਕੀਤੇ ਗਏ ਹਨ। -ਪੀਟੀਆਈ
ਕਰੋਨਾਵਾਇਰਸ ਟੀਕਾਕਰਨ ਕਰਵਾਉਣ ਤੋਂ 48 ਘੰਟਿਆਂ ਤਕ ਜਹਾਜ਼ ਨਹੀਂ ਉਡਾ ਸਕੇਗਾ ਅਮਲਾ
ਨਵੀਂ ਦਿੱਲੀ: ਹਵਾਬਾਜ਼ੀ ਪ੍ਰਬੰਧਕ ਡੀਜੀਸੀਏ ਨੇ ਅੱਜ ਕਿਹਾ ਕਿ ਪਾਇਲਟ ਤੇ ਹਵਾਈ ਜਹਾਜ਼ ਦਾ ਅਮਲਾ ਕਰੋਨਾਵਾਇਰਸ ਟੀਕਾਕਰਨ ਕਰਵਾਉਣ ਤੋਂ 48 ਘੰਟਿਆਂ ਤਕ ਜਹਾਜ਼ ਨਹੀਂ ਉਡਾ ਸਕੇਗਾ। ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਏਵੀਏਸ਼ਨ (ਡੀਜੀਸੀਏ) ਨੇ ਅੱਜ ਕਿਹਾ, ‘ਜੇ 48 ਘੰਟਿਆਂ ਤਕ ਕਰੋਨਾਵਾਇਰਸ ਦੇ ਲੱਛਣ ਨਹੀਂ ਪਾਏ ਜਾਂਦੇ ਤਾਂ ਪਾਇਲਟ ਤੇ ਜਹਾਜ਼ ਅਮਲਾ ਆਪਣੀ ਡਿਊਟੀ ’ਤੇ ਮੁੜ ਸਕਣਗੇ। -ਪੀਟੀਆਈ
ਸੰਯੁਕਤ ਰਾਸ਼ਟਰ ਵੱਲੋਂ ਭਾਰਤ ਦੀ ਸ਼ਲਾਘਾ
ਸੰਯੁਕਤ ਰਾਸ਼ਟਰ ਦੇ ਇਕ ਚੋਟੀ ਦੇ ਅਧਿਕਾਰੀ ਨੇ ਕਿਹਾ ਹੈ ਕਿ ਭਾਰਤ ਵੈਕਸੀਨ ਦੇ ਮਾਮਲੇ ਵਿਚ ਅਗਵਾਈ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤ ਵੈਕਸੀਨ ਦੀ ਸਾਰਿਆਂ ਨੂੰ ਬਰਾਬਰ ਸਪਲਾਈ ਯਕੀਨੀ ਬਣਾਉਣ ਲਈ ਠੋਸ ਯਤਨ ਕਰ ਰਿਹਾ ਹੈ। ਅਧਿਕਾਰੀ ਨੇ ਕਿਹਾ ਕਿ ਦਵਾਈਆਂ ਬਣਾਉਣ ਦੇ ਮਾਮਲੇ ’ਚ ਭਾਰਤ ਦੁਨੀਆ ਦੇ ਮੋਹਰੀ ਦੇਸ਼ਾਂ ਵਿਚ ਸ਼ੁਮਾਰ ਹੈ ਤੇ ਸਿੱਧੇ ਤੌਰ ’ਤੇ ਲੋੜਵੰਦਾਂ ਦੀ ਮਦਦ ਕਰ ਰਿਹਾ ਹੈ।
ਕੋਵਿਡ-19 ਟੀਕਾਕਰਨ ਤੋਂ ਕੁਝ ਦੇਰ ਮਗਰੋਂ ਬਜ਼ੁਰਗ ਦੀ ਮੌਤ
ਮੁੰਬਈ: ਮੁਬੰਈ ਦੇ ਅੰਧੇਰੀ ਸਥਿਤ ਇੱਕ ਹਸਪਤਾਲ ਵਿੱਚ ਕੋਵਿਡ-19 ਟੀਕਾਕਰਨ ਦੀ ਪਹਿਲੀ ਖੁਰਾਕ ਲੈਣ ਤੋਂ ਕੁਝ ਦੇਰ ਮਗਰੋਂ ਹੀ 65 ਸਾਲਾ ਇੱਕ ਬਜ਼ੁੁਰਗ ਦੀ ਮੌਤ ਹੋ ਗਈ। ਬਜ਼ੁਰਗ ਨੂੰ ਅੱਜ ਸ਼ਾਮ 3.50 ਵਜੇ ਟੀਕਾ ਲਗਾਇਆ ਗਿਆ ਸੀ, ਜਿਸ ਤੋਂ ਕੁਝ ਦੇਰ ਮਗਰੋਂ ਹੀ ਉਹ ਬੇਹੋਸ਼ ਹੋ ਗਿਆ। ਉਸ ਨੂੰ ਆਈਸੀਯੂ ’ਚ ਭਰਤੀ ਕੀਤਾ ਗਿਆ ਪਰ ਸ਼ਾਮ ਪੰਜ ਵਜੇ ਉਸ ਦੀ ਮੌਤ ਹੋ ਗਈ। -ਪੀਟੀਆਈ