ਨਵੀਂ ਦਿੱਲੀ, 21 ਸਤੰਬਰ
ਦੇਸ਼ ’ਚ ਲਗਾਤਾਰ ਤੀਜੇ ਦਿਨ ਰਿਕਾਰਡ 90 ਹਜ਼ਾਰ ਤੋਂ ਵੱਧ ਮਰੀਜ਼ ਠੀਕ ਹੋਣ ਨਾਲ ਕਰੋਨਾ ਲਾਗ ਦੇ ਮਰੀਜ਼ਾਂ ਦੀ ਸਿਹਤਯਾਬੀ ਦਰ 80 ਫ਼ੀਸਦੀ ਤੋਂ ਟੱਪ ਗਈ ਹੈ। ਲੰਘੇ 24 ਘੰਟਿਆਂ ’ਚ 93,356 ਮਰੀਜ਼ਾਂ ਨੇ ਕਰੋਨਾ ਲਾਗ ’ਤੇ ਫ਼ਤਹਿ ਪਾਈ ਹੈ। ਇਸੇ ਦੌਰਾਨ ਮੌਤ ਦਰ ਵੀ ਘਟ ਕੇ 1.6 ਫ਼ੀਸਦੀ ’ਤੇ ਆ ਗਈ ਹੈ। ਇਸ ਤੋਂ ਇਲਾਵਾ 86,961 ਨਵੇਂ ਕੇਸ ਸਾਹਮਣੇ ਆਉਣ ਨਾਲ ਕੇਸਾਂ ਦੀ ਕੁੱਲ ਗਿਣਤੀ 54 ਲੱਖ ਤੋਂ ਪਾਰ ਹੋ ਗਈ ਹੈ।
ਸਿਹਤ ਮੰਤਰਾਲੇ ਨੇ ਅੱਜ ਦੱਸਿਆ, ‘ਭਾਰਤ ’ਚ ਕਰੋਨਾ ਲਾਗ ਦੀ ਕੌਮੀ ਸਿਹਤਯਾਬੀ ਦਰ 80 ਫ਼ੀਸਦੀ ਤੋਂ ਟੱਪ ਗਈ ਹੈ। ਉੱਚ ਗਿਣਤੀ ’ਚ ਮਰੀਜ਼ਾਂ ਦੇ ਠੀਕ ਦੌਰਾਨ ਅੱਜ ਲਗਾਤਾਰ ਤੀਜੇ 90 ਹਜ਼ਾਰ ਤੋਂ ਵੱਧ ਮਰੀਜ਼ ਠੀਕ ਹੋਣ ਨਾਲ ਕੌਮੀ ਸਿਹਤਯਾਬੀ ਦਰ 80.12 ਫ਼ੀਸਦੀ ਹੋ ਗਈ ਹੈ।’ ਬਾਰਾਂ ਸੂਬਿਆਂ ਅਤੇ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ’ਚ ਸਿਹਤਯਾਬੀ ਦਰ, ਕੌਮੀ ਸਿਹਤਯਾਬੀ ਦਰ ਤੋਂ ਵੱਧ ਹੈ ਅਤੇ ਨਵੇਂ ਠੀਕ ਹੋਏ ਕੇਸਾਂ ’ਚ 79 ਫ਼ੀਸਦੀ ਕੇਸ 10 ਸੂਬਿਆਂ ਤੇ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਤੋਂ ਹਨ। ਬਿਆਨ ’ਚ ਕਿਹਾ ਗਿਆ, ‘ਦੇਸ਼ ’ਚ ਹੁਣ ਤੱਕ 44 ਲੱਖ (43,96,399) ਮਰੀਜ਼ ਠੀਕ ਹੋ ਗਏ ਹਨ। ਵਿਸ਼ਵ ਪੱਧਰ ’ਤੇ ਮਰੀਜ਼ਾਂ ਦੇ ਠੀਕ ਹੋਣ ਦੇ ਮਾਮਲੇ ’ਚ ਭਾਰਤ ਸਿਖ਼ਰ ’ਤੇ ਹੈ। ਇਹ ਅੰਕੜਾ ਵਿਸ਼ਵ ਪੱਧਰ ’ਤੇ ਠੀਕ ਹੋਏ ਮਰੀਜ਼ਾਂ ਦੇ ਕੁੱਲ ਅੰਕੜੇ ਦਾ 19 ਫ਼ੀਸਦੀ ਤੋਂ ਵੱਧ ਬਣਦਾ ਹੈ। ਇਸੇ ਦੌਰਾਨ ਲੰਘੇ 24 ਘੰਟਿਆਂ ’ਚ ਕਰੋਨਾ ਲਾਗ ਦੇ 86,961 ਨਵੇਂ ਕੇਸ ਸਾਹਮਣੇ ਆਉਣ ਨਾਲ ਦੇਸ਼ ’ਚ ਕੇਸਾਂ ਦੇ ਕੁੱਲ ਗਿਣਤੀ 54,87,580 ਹੋਈ ਹੈ। ਜਦਕਿ ਇਸੇ ਸਮੇਂ ਦੌਰਾਨ 1,130 ਸੱਜਰੀਆਂ ਮੌਤਾਂ ਨਾਲ ਲਾਗ ਕਾਰਨ ਮ੍ਰਿਤਕਾਂ ਦਾ ਅੰਕੜਾ 87,882 ਹੋ ਗਿਆ ਹੈ। ਸਿਹਤ ਵਿਭਾਗ ਵੱਲੋਂ ਸਵੇਰੇ 8 ਵਜੇ ਜਾਰੀ ਅੰਕੜਿਆਂ ਮੁਤਾਬਕ ਦੇਸ਼ ਵਿੱਚ ਕਰੋਨਾ ਲਾਗ ਕਾਰਨ ਹੋ ਰਹੀਆਂ ਮੌਤਾਂ ਦੀ ਦਰ ਘਟ ਕੇ 1.6 ਫ਼ੀਸਦੀ ’ਤੇ ਆ ਗਈ ਹੈ। ਦੇਸ਼ ’ਚ ਹੁਣ ਤੱਕ ਕਰੋਨਾ 10,03,299 ਸਰਗਰਮ ਕੇਸ ਹਨ, ਜੋ ਕਿ ਕੁੱਲ ਕੇਸਾਂ ਦੇ 18.28 ਫ਼ੀਸਦੀ ਬਣਦੇ ਹਨ। ਲੰਘੇ 24 ਘੰਟਿਆਂ ’ਚ ਹੋਈਆਂ 1,130 ਸੱਜਰੀਆਂ ਮੌਤਾਂ ਵਿੱਚੋਂ ਸਭ ਤੋਂ ਵੱਧ 455 ਮੌਤਾਂ ਮਹਾਰਾਸ਼ਟਰ ’ਚ ਹੋਈਆਂ। ਜਦਕਿ ਕਰਨਾਟਕ ’ਚ 101 ਅਤੇ ਤਾਮਿਲ ਨਾਡੂ ’ਚ 94 ਲੋਕਾਂ ਦੀ ਜਾਨ ਗਈ ਹੈ।
-ਪੀਟੀਆਈ