ਨਵੀਂ ਦਿੱਲੀ, 28 ਅਪਰੈਲ
ਚੋਣ ਕਮਿਸ਼ਨ ਨੇ 2 ਮਈ ਨੂੰ ਚਾਰ ਸੂਬਿਆਂ ਤੇ ਇਕ ਕੇਂਦਰ ਸ਼ਾਸਿਤ ਪ੍ਰਦੇਸ਼ ’ਚ ਵੋਟਾਂ ਦੀ ਗਿਣਤੀ ਲਈ ਨਵੀਆਂ ਸੇਧਾਂ ਜਾਰੀ ਕਰਦਿਆਂ ਗਿਣਤੀ (ਕਾਊਂਟਿੰਗ) ਵਾਲੇ ਹਾਲ ਵਿੱਚ ਦਾਖ਼ਲੇ ਲਈ ਨੈਗੇਟਿਵ ਕਰੋਨਾਵਾਇਰਸ ਰਿਪੋਰਟ ਲਾਜ਼ਮੀ ਕਰ ਦਿੱਤੀ ਹੈ। ਕਮਿਸ਼ਨ ਵੱਲੋਂ ਅੱਜ ਜਾਰੀ ਹਦਾਇਤਾਂ ਮੁਤਾਬਕ ਉਮੀਦਵਾਰ ਜਾਂ ਉਨ੍ਹਾਂ ਦੇ ਏਜੰਟ, ਜਿਨ੍ਹਾਂ ਕਰੋਨਾ ਤੋਂ ਬਚਾਅ ਲਈ ਕੋਵਿਡ-19 ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲਈਆਂ ਹੋਣਗੀਆਂ, ਨੂੰ ਹੀ ਕਾਊਂਟਿੰਗ ਹਾਲ ਵਿੱਚ ਦਾਖ਼ਲ ਹੋਣ ਦੀ ਇਜਾਜ਼ਤ ਦਿੱਤੀ ਜਾਵੇਗੀ। ਅਸਾਮ, ਪੱਛਮੀ ਬੰਗਾਲ, ਕੇਰਲਾ, ਪੁੱਡੂਚੇਰੀ ਤੇ ਤਾਮਿਲ ਨਾਡੂ ਵਿੱਚ ਵੋਟਾਂ ਦੀ ਗਿਣਤੀ 2 ਮਈ ਨੂੰ ਹੋਣੀ ਹੈ। ਚੇਤੇ ਰਹੇ ਕਿ ਪੱਛਮੀ ਬੰਗਾਲ ’ਚ ਅੱਠਵੇਂ ਤੇ ਆਖਰੀ ਗੇੜ ਤਹਿਤ 35 ਅਸੈਂਬਲੀ ਸੀਟਾਂ ਲਈ ਭਲਕੇ 29 ਅਪਰੈਲ ਨੂੰ ਵੋਟਾਂ ਪੈਣਗੀਆਂ। ਚੋਣ ਕਮਿਸ਼ਨ ਨੇ ਕਿਹਾ ਕਿ ਵੋਟਾਂ ਦੀ ਗਿਣਤੀ ਦੌਰਾਨ ਕਾਊਂਟਿੰਗ ਸੈਂਟਰਾਂ ਦੇ ਬਾਹਰ ਲੋਕਾਂ ਨੂੰ ਇਕੱਠੇ ਹੋਣ ਦੀ ਖੁੱਲ੍ਹ ਨਹੀਂ ਰਹੇਗੀ। ਨਵੀਆਂ ਸੇਧਾਂ ਮੁਤਾਬਕ, ‘ਕਿਸੇ ਵੀ ਉਮੀਦਵਾਰ ਜਾਂ ਏਜੰਟ ਨੂੰ ਬਿਨਾਂ ਆਰਟੀ-ਪੀਸੀਆਰ/ਆਰਏਟੀ ਟੈਸਟ ਜਾਂ ਕਰੋਨਾ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਨਾ ਲਈਆਂ ਹੋਣ ਦੀ ਸੂਰਤ ਵਿੱਚ ਗਿਣਤੀ ਕੇਂਦਰ ’ਚ ਦਾਖ਼ਲ ਨਹੀਂ ਹੋਣ ਦਿੱਤਾ ਜਾਵੇਗਾ। ਵੋਟਾਂ ਦੀ ਗਿਣਤੀ ਤੋਂ ਪਹਿਲਾਂ 48 ਘੰਟਿਆਂ ਅੰਦਰ ਕਰਵਾਈ ਨੈਗੇਟਿਵ ਕਰੋਨਾ ਰਿਪੋਰਟ ਜਾਂ ਟੀਕਾਕਰਨ ਰਿਪੋਰਟ ਵਿਖਾਉਣੀ ਲਾਜ਼ਮੀ ਹੋਵੇਗੀ।’ ਵੋਟਾਂ ਦੀ ਗਿਣਤੀ 2 ਮਈ ਨੂੰ ਸਵੇਰੇ ਅੱਠ ਵਜੇ ਸ਼ੁਰੂ ਹੋਵੇਗੀ। -ਪੀਟੀਆਈ