ਨਵੀਂ ਦਿੱਲੀ, 9 ਜਨਵਰੀ
ਕੇਂਦਰੀ ਮੰਤਰੀ ਜਿਤੇਂਦਰ ਸਿੰਘ ਨੇ ਅੱਜ ਕਿਹਾ ਕਿ ਕਰੋਨਾਵਾਇਰਸ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਗਰਭਵਤੀ ਔਰਤਾਂ ਅਤੇ ਕੇਂਦਰ ਸਰਕਾਰ ਦੇ ਦਿਵਿਆਂਗ ਕਰਮਚਾਰੀਆਂ ਨੂੰ ਦਫ਼ਤਰ ਜਾਣ ਤੋਂ ਛੋਟ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਕਰਮਚਾਰੀਆਂ ਨੂੰ ਉਪਲਬਧ ਰਹਿਣਾ ਹੋਵੇਗਾ ਅਤੇ ਘਰ ਤੋਂ ਕੰਮ ਕਰਨਾ ਹੋਵੇਗਾ।
ਮੰਤਰੀ ਨੇ ਕਿਹਾ ਕਿ ਅੰਡਰ ਸੈਕਟਰੀ ਪੱਧਰ ਤੋਂ ਹੇਠਾਂ ਦੇ ਸਰਕਾਰੀ ਕਰਮਚਾਰੀਆਂ ਦੀ ਦਫ਼ਤਰ ਵਿਚ ਹਾਜ਼ਰ ਅਸਲ ਸਮਰੱਥਾ ਨਾਲੋਂ 50 ਫ਼ੀਸਦ ਤੱਕ ਸੀਮਿਤ ਕਰ ਦਿੱਤੀ ਗਈ ਹੈ ਅਤੇ ਬਾਕੀ 50 ਫ਼ੀਸਦ ਘਰ ਤੋਂ ਕੰਮ ਕਰਨਗੇ। ਇਹ ਜਾਣਕਾਰੀ ਪਰਸੋਨਲ ਵਿਭਾਗ ਦੇ ਰਾਜ ਮੰਤਰੀ ਵੱਲੋਂ ਅੱਜ ਇਕ ਬਿਆਨ ਰਾਹੀਂ ਦਿੱਤੀ ਗਈ। ਉਨ੍ਹਾਂ ਕਿਹਾ ਕਿ ਸਾਰੇ ਸਬੰਧਤ ਵਿਭਾਗਾਂ ਵੱਲੋਂ ਇਸੇ ਮੁਤਾਬਕ ਰੋਸਟਰ ਤਿਆਰ ਕੀਤਾ ਜਾਵੇਗਾ। ਫਿਲਹਾਲ ਜੋ ਅਧਿਕਾਰੀ ਜਾਂ ਕਰਮਚਾਰੀ ਦਫ਼ਤਰ ਨਹੀਂ ਆ ਰਹੇ ਹਨ ਅਤੇ ਘਰ ਤੋਂ ਕੰਮ ਕਰ ਰਹੇ ਹਨ, ਉਹ ਹਰ ਸਮੇਂ ਟੈਲੀਫੋਨ ਅਤੇ ਸੰਚਾਰ ਦੇ ਹੋਰ ਇਲੈਕਟ੍ਰੌਨਿਕ ਮਾਧਿਅਮਾਂ ਰਾਹੀਂ ਉਪਲਬਧ ਰਹਿਣਗੇ। -ਪੀਟੀਆਈ