ਗੋਂਡਾ (ਉੱਤਰ ਪ੍ਰਦੇਸ਼), 6 ਮਈ
ਇਸ ਜ਼ਿਲ੍ਹੇ ਦੇ ਚਕਰੌਤਾ ਪਿੰਡ ਵਿੱਚ 22 ਦਿਨਾਂ ਦੇ ਅੰਦਰ-ਅੰਦਰ ਇਕ ਪਰਿਵਾਰ ਨੇ ਪੰਜ ਮੈਂਬਰਾਂ ਦੀ ਮੌਤ ਹੋ ਗਈ। ਪਰਿਵਾਰ ਇਹ ਮੰਨਣ ਤੋਂ ਇਨਕਾਰੀ ਹੈ ਕਿ ਮੌਤਾਂ ਕਰੋਨਾ ਕਾਰਨ ਹੋਈਆਂ ਹਨ, ਕਿਉਂਕਿ ਸਾਰਿਆਂ ਦਾ ਐਂਟੀਜੇਨ ਟੈਸਟ ਨੈਗੇਟਿਵ ਆਇਆ ਸੀ। ਇਸ ਦੇ ਬਾਵਜੂਦ ਮਰਨ ਵਾਲਿਆਂ ਵਿੱਚ ਕਰੋਨਾ ਦੇ ਲੱਛਣ ਸਾਫ਼ ਨਜ਼ਰ ਆ ਰਹੇ ਸਨ। ਅੰਜਨੀ ਸ੍ਰੀਵਾਸਤਵ ਦੇ ਪਰਿਵਾਰ ਵਿੱਚ ਅੰਜਨੀ ਦੇ ਵੱਡੇ ਭਰਾ ਹਨੂੰਮਾਨ ਪ੍ਰਸਾਦ ਦੀ 2 ਅਪਰੈਲ ਨੂੰ ਮੌਤ ਹੋ ਗਈ ਸੀ। ਉਹ 56 ਸਾਲ ਦੇ ਸਨ। ਪਰਿਵਾਰਕ ਸੂਤਰਾਂ ਨੇ ਦੱਸਿਆ ਕਿ ਹਨੂੰਮਾਨ ਪ੍ਰਸਾਦ ਨੂੰ ਸਾਹ ਲੈਣਾ ਔਖਾ ਹੋ ਗਿਆ ਸੀ। ਡਾਕਟਰੀ ਇਲਾਜ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਗਈ। 14 ਅਪਰੈਲ ਨੂੰ ਅੰਜਨੀ ਦੀ 75 ਸਾਲਾ ਮਾਂ ਮਾਧੁਰੀ ਦੇਵੀ ਦਾ ਦੇਹਾਂਤ ਹੋ ਗਿਆ। ਪਰਿਵਾਰ ਦਾ ਦਾਅਵਾ ਹੈ ਕਿ ਉਹ ਆਪਣੇ ਵੱਡੇ ਬੇਟੇ ਦੀ ਮੌਤ ਨਹੀਂ ਸਹਿ ਸਕੀ। ਮਾਧੁਰੀ ਦੇਵੀ ਦਾ ਪੋਤਾ ਸੌਰਭ, ਜੋ ਪ੍ਰਯਾਗਰਾਜ ਵਿਚ ਪੜ੍ਹ ਰਿਹਾ ਸੀ, ਆਪਣੀ ਦਾਦੀ ਦੀ ਮੌਤ ਦੀ ਖ਼ਬਰ ਸੁਣ ਕੇ ਘਰ ਆਇਆ। ਉਹ ਪੀਲੀਆ ਤੋਂ ਪੀੜਤ ਸੀ ਅਤੇ ਜਦੋਂ ਉਸ ਦੀ ਹਾਲਤ ਵਿਗੜ ਗਈ ਤਾਂ ਉਹ ਗੋਂਡਾ ਦੇ ਨਰਸਿੰਗ ਹੋਮ ਵਿੱਚ ਗਿਆ। 16 ਅਪਰੈਲ ਨੂੰ ਉਸ ਦਾ ਦੇਹਾਂਤ ਹੋ ਗਿਆ। ਪੁੱਤਰ ਦੇ ਦੇਹਾਂਤ ਤੋਂ ਬਾਅਦ ਸੌਰਭ ਦੇ ਮਾਪੇ ਬਿਮਾਰ ਹੋ ਗਏ ਅਤੇ ਦੋਵਾਂ ਨੂੰ ਨਰਸਿੰਗ ਹੋਮ ਵਿਚ ਦਾਖਲ ਕਰਵਾਇਆ ਗਿਆ। ਉਨ੍ਹਾਂ ਨੂੰ ਆਕਸੀਜਨ ਸਹਾਇਤਾ ਦਿੱਤੀ ਗਈ ਪਰ 22 ਅਪਰੈਲ ਨੂੰ ਮਾਂ ਊਸ਼ਾ ਸ੍ਰੀ ਵਾਸਤਵ ਦੀ 41 ਸਾਲ ਦੀ ਉਮਰੇ ਮੌਤ ਹੋ ਗਈ ਤੇ ਉਸ ਦਾ 45 ਸਾਲਾ ਪਤੀ ਅਸ਼ਵਨੀ ਸ੍ਰੀਵਾਸਤਵ ਦਾ 24 ਅਪਰੈਲ ਨੂੰ ਦਮ ਤੋੜ ਗਿਆ। ਦੋਹਾਂ ਨੂੰ ਤੇਜ਼ ਬੁਖਾਰ ਸੀ ਪਰ ਕੋਵਿਡ ਦਾ ਟੈਸਟ ਨੈਗੇਟਿਵ ਆਇਆ ਸੀ।