ਬੰਗਲੂਰੂ, 9 ਨਵੰਬਰ
ਕਰਨਾਟਕ ਦੇ ਸਿਹਤ ਮੰਤਰੀ ਦਿਨੇਸ਼ ਗੁੰਡੂ ਰਾਓ ਨੇ ਅੱਜ ਕਿਹਾ ਕਿ ਜਸਟਿਸ ਮਾਈਕਲ ਡੀ. ਕੁਨਹਾ ਜਾਂਚ ਕਮਿਸ਼ਨ ਨੇ ਕਰੋਨਾ ਮਹਾਮਾਰੀ ਦੌਰਾਨ ਉਪਕਰਨਾਂ ਤੇ ਦਵਾਈਆਂ ਦੀ ਖਰੀਦ ਦੀ ਕਥਿਤ ਬੇਨੇਮੀਆਂ ਦੀ ਜਾਂਚ ਮਗਰੋਂ ਸੂਬੇ ਦੇ ਤਤਕਾਲੀ ਮੁੱਖ ਮੰਤਰੀ ਅਤੇ ਭਾਜਪਾ ਆਗੂ ਬੀ.ਐੱਸ. ਯੇਦੀਯੁਰੱਪਾ ਅਤੇ ਸਾਬਕਾ ਮੰਤਰੀ ਸ੍ਰੀਰਾਮੁੱਲੂ ਖ਼ਿਲਾਫ਼ ਮੁਕੱਦਮਾ ਚਲਾਉਣ ਦੀ ਸਿਫਾਰਸ਼ ਕੀਤੀ ਹੈ। ਰਾਓ ਨੇ ਕਿਹਾ ਕਿ ਇਹ ਸਪੱਸ਼ਟ ਹੈ ਕਿ ਕਰੋਨਾ ਮਹਾਮਾਰੀ ਦੌਰਾਨ ਉਪਕਰਨਾਂ ਤੇ ਦਵਾਈਆਂ ਦੀ ਖਰੀਦ ਵਿੱਚ ‘ਲੁੱਟ-ਖਸੁੱਟ’ ਹੋਈ ਸੀ। ਮੰਤਰੀ ਨੇ ਆਖਿਆ ਕਿ ਜਾਂਚ ਰਿਪੋਰਟ ਕਾਂਗਰਸ ਵੱਲੋਂ ਲਾਏ ਇਸ ਦੋਸ਼ ਨੂੰ ਸਾਬਤ ਕਰਦੀ ਹੈ ਕਿ ‘‘ਤਤਕਾਲੀ ਸਰਕਾਰ ਨੇ ਸਥਿਤੀ ਦੀ ਦੁਰਵਰਤੋਂ ਕਰਦਿਆਂ ਮ੍ਰਿਤਕਾਂ ਦੇ ਨਾਂ ’ਤੇ ਪੈਸਾ ਹਾਸਲ ਕੀਤਾ ਹੈ।’’ ਸਿਹਤ ਮੰਤਰੀ ਨੇ ਕਿਹਾ, ‘‘ਸੂਬੇ ਵਿੱਚ ਸੱਤਾ ਹਾਸਲ ਕਰਨ ਮਗਰੋਂ ਅਸੀਂ ਇੱਕ ਕਮਿਸ਼ਨ ਤੋਂ ਮਾਮਲੇ ਦੀ ਜਾਂਚ ਕਰਵਾਈ ਹੈ।’’ ਉਨ੍ਹਾਂ ਆਖਿਆ ਕਿ ਕਮਿਸ਼ਨ ਨੇ ਮੁੱਢਲੀ ਰਿਪੋਰਟ ਸੌਂਪ ਦਿੱਤੀ ਅਤੇ ਦੂਜੀ ਰਿਪੋਰਟ ਛੇ-ਸੱਤ ਮਹੀਨਿਆਂ ’ਚ ਸੌਂਪੀ ਜਾ ਸਕਦੀ ਹੈ। -ਪੀਟੀਆਈ