ਨਵੀਂ ਦਿੱਲੀ, 12 ਜਨਵਰੀ
ਦੇਸ਼ ਵਿਚ ਕਰੋਨਾ ਦੇ 1,94,720 ਨਵੇਂ ਕੇਸ ਸਾਹਮਣੇ ਆਏ ਹਨ। ਓਮੀਕਰੋਨ ਸਰੂਪ ਦੇ ਹੁਣ ਤੱਕ 4,868 ਕੇਸ ਸਾਹਮਣੇ ਆ ਚੁੱਕੇ ਹਨ। ਮੁਲਕ ਵਿਚ ਐਕਟਿਵ ਕੇਸ ਵੱਧ ਕੇ 9,55,319 ਹੋ ਗਏ ਹਨ ਜੋ ਕਿ ਪਿਛਲੇ 211 ਦਿਨਾਂ ਵਿਚ ਸਭ ਤੋਂ ਵੱਧ ਹਨ। ਲੰਘੇ ਇਕ ਦਿਨ ਦੌਰਾਨ 442 ਮੌਤਾਂ ਹੋ ਚੁੱਕੀਆਂ ਹਨ। ਓਮੀਕਰੋਨ ਦੇ ਕੁੱਲ 4,868 ਕੇਸਾਂ ਵਿਚੋਂ 1805 ਜਣੇ ਠੀਕ ਹੋ ਚੁੱਕੇ ਹਨ। ਮਹਾਰਾਸ਼ਟਰ ਵਿਚ ਸਭ ਤੋਂ ਵੱਧ 1281 ਕੇਸ ਮਿਲੇ ਹਨ ਜਦਕਿ ਰਾਜਸਥਾਨ ਵਿਚ 645, ਦਿੱਲੀ ਵਿਚ 546, ਕਰਨਾਟਕ ਵਿਚ 479 ਤੇ ਕੇਰਲਾ ਵਿਚ 350 ਕੇਸ ਮਿਲੇ ਹਨ। ਰੋਜ਼ਾਨਾ ਪਾਜ਼ੇਟਿਵਿਟੀ ਦਰ 11.05 ਪ੍ਰਤੀਸ਼ਤ ਦਰਜ ਕੀਤੀ ਗਈ ਹੈ। ਦੇਸ਼ ਵਿਚ 150 ਕਰੋੜ ਤੋਂ ਵੱਧ ਲੋਕਾਂ ਨੂੰ ਵੈਕਸੀਨ ਦੀ ਖ਼ੁਰਾਕ ਦਿੱਤੀ ਜਾ ਚੁੱਕੀ ਹੈ। ਪਿਛਲੇ ਚੌਵੀ ਘੰਟਿਆਂ ਵਿਚ ਹੋਈਆਂ 442 ਮੌਤਾਂ ’ਚੋ 296 ਕੇਰਲਾ ਤੇ 23 ਦਿੱਲੀ ਵਿਚ ਹੋਈਆਂ ਹਨ। ਭਾਰਤ ਦੇ ਕਰੀਬ 300 ਜ਼ਿਲ੍ਹਿਆਂ ਵਿਚ ਹਫ਼ਤਾਵਾਰੀ ਕੋਵਿਡ ਪਾਜ਼ੇਟਿਵਿਟੀ ਦਰ ਪੰਜ ਪ੍ਰਤੀਸ਼ਤ ਤੋਂ ਵੱਧ ਦਰਜ ਕੀਤੀ ਗਈ ਹੈ। ਸਰਕਾਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਓਮੀਕਰੋਨ ਨੂੰ ਆਮ ਠੰਢ ਲੱਗਣ ਵਜੋਂ ਨਾ ਲਿਆ ਜਾਵੇ ਤੇ ਟੀਕਾ ਲਗਵਾਇਆ ਜਾਵੇ। ਸਰਕਾਰ ਨੇ ਕਿਹਾ ਕਿ ਮਹਾਰਾਸ਼ਟਰ, ਪੱਛਮੀ ਬੰਗਾਲ, ਦਿੱਲੀ, ਤਾਮਿਲਨਾਡੂ, ਕਰਨਾਟਕ, ਉੱਤਰ ਪ੍ਰਦੇਸ਼, ਕੇਰਲਾ ਤੇ ਗੁਜਰਾਤ ਵਿਚ ਵੱਧ ਰਹੇ ਕੇਸ ਚਿੰਤਾ ਦਾ ਵਿਸ਼ਾ ਹਨ। ਦੇਸ਼ ਵਿਚ ਕਰੋਨਾ ਦੇ ਵਧੇ ਕੇਸਾਂ ਦੇ ਮੱਦੇਨਜ਼ਰ ਕੇਂਦਰ ਸਰਕਾਰ ਨੇ ਅੱਜ ਸੂਬਿਆਂ ਨੂੰ ਪੱਤਰ ਲਿਖ ਕੇ ਮੈਡੀਕਲ ਆਕਸੀਜ਼ਨ ਦਾ ਲੋੜੀਂਦਾ ਬਫ਼ਰ ਸਟਾਕ ਯਕੀਨੀ ਬਣਾਉਣ ਲਈ ਕਿਹਾ ਹੈ। ਕੇਂਦਰ ਨੇ ਕਿਹਾ ਕਿ ਘੱਟੋ-ਘੱਟ 48 ਘੰਟਿਆਂ ਦਾ ਸਟਾਕ ਯਕੀਨੀ ਬਣਾਇਆ ਜਾਵੇ।