ਨਵੀਂ ਦਿੱਲੀ, 8 ਮਈ
ਸੁਪਰੀਮ ਕੋਰਟ ਨੇ ਵੱਖ-ਵੱਖ ਖੇਤਰਾਂ ਵਿਚ ਵਿਸ਼ੇਸ਼ ਮੁਹਾਰਤ ਰੱਖਣ ਵਾਲੇ 12 ਮੈਂਬਰਾਂ ਦੀ ਇਕ ਟੀਮ ਦਾ ਗਠਨ ਕੀਤਾ ਹੈ ਜੋ ਕਿ ਮਹਾਮਾਰੀ ਨਾਲ ਨਜਿੱਠਣ ਵਿਚ ਮੋਹਰੀ ਭੂਮਿਕਾ ਨਿਭਾਉਣਗੇ। ਕੌਮੀ ਟਾਸਕ ਫੋਰਸ ਦੇ ਮਾਹਿਰ ਵਿਗਿਆਨਕ ਤੇ ਵੱਖ-ਵੱਖ ਖੇਤਰਾਂ ਦੇ ਆਪਣੇ ਗਿਆਨ ਨੂੰ ਕੋਵਿਡ-19 ਦਾ ਟਾਕਰਾ ਕਰਨ ਲਈ ਵਰਤਣਗੇ। ਜਸਟਿਸ ਡੀ.ਵਾਈ. ਚੰਦਰਚੂੜ ਤੇ ਐਮ.ਆਰ. ਸ਼ਾਹ ਦੇ ਬੈਂਚ ਨੇ ਕਿਹਾ ਕਿ ਟਾਕਸ ਫੋਰਸ ਬਣਾਉਣ ਦਾ ਮੰਤਵ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਆਕਸੀਜਨ ਦੀ ਵਿਗਿਆਨਕ ਪੱਖ ਤੋਂ ਵੰਡ ਯਕੀਨੀ ਬਣਾਉਣ ਲਈ ਕੋਈ ਢੰਗ-ਤਰੀਕਾ ਲੱਭਣਾ ਵੀ ਹੈ। ਅਦਾਲਤ ਨੇ ਕਿਹਾ ਕਿ ਕੇਂਦਰੀ ਕੈਬਨਿਟ ਸਕੱਤਰ ਟਾਸਕ ਫੋਰਸ ਦਾ ਕਨਵੀਨਰ ਹੋਵੇਗਾ, ਜਦ ਲੋੜ ਪਵੇਗੀ ਉਹ ਆਪਣੇ ਲਈ ਵਧੀਕ ਸਕੱਤਰ ਰੈਂਕ ਦਾ ਅਧਿਕਾਰੀ ਨਿਯੁਕਤ ਕਰ ਸਕਦਾ ਹੈ। ਸਿਖ਼ਰਲੀ ਅਦਾਲਤ ਨੇ ਆਪਣੇ ਹੁਕਮ ਵਿਚ ਕਿਹਾ ਹੈ ਕਿ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦਾ ਸਕੱਤਰ ਟਾਸਕ ਫੋਰਸ ਦਾ ਐਕਸ-ਆਫੀਸ਼ੀਓ ਮੈਂਬਰ ਹੋਵੇਗਾ।