ਨਵੀਂ ਦਿੱਲੀ, 19 ਦਸੰਬਰ
ਸਿਹਤ ਮਾਹਿਰਾਂ ਨੇ ਕਿਹਾ ਹੈ ਕਿ ਦੇਸ਼ ਵਿਚ ਕੋਵਿਡ-19 ਦੀ ਦੂਜੀ ਲਹਿਰ ਆਵੇਗੀ ਜੇ ਅਜਿਹਾ ਹੁੰਦਾ ਵੀ ਹੈ ਤਾਂ ਲਹਿਰ ਬਹੁਤੀ ਘਾਤਕ ਨਹੀਂ ਹੋਵੇਗੀ। ਇਹ ਟਿੱਪਣੀਆਂ ਉਦੋਂ ਆਈਆਂ ਹਨ ਜਦੋਂ ਦੇਸ਼ ਵਿੱਚ ਕੋਵਿਡ-19 ਕੇਸਾਂ ਦਾ ਕੁੱਲ ਅੰਕੜਾ ਇਕ ਕਰੋੜ ਨੂੰ ਪਾਰ ਕਰ ਗਿਆ। ਹਾਲਾਂਕਿ ਰੋਜ਼ਾਨਾ ਮਾਮਲਿਆਂ ਅਤੇ ਮੌਤਾਂ ਦੀ ਗਿਣਤੀ ਲਗਾਤਾਰ ਘੱਟ ਰਹੀ ਹੈ। ਮਸ਼ਹੂਰ ਵਾਇਰਲੋਜਿਸਟ ਡਾ. ਸ਼ਾਹਿਦ ਜਮੀਲ ਨੇ ਕਿਹਾ ਕਿ ਦੇਸ਼ ਵਿੱਚ ਕੇਸਾਂ ਦੀ ਗਿਣਤੀ ਘੱਟ ਰਹੀ ਹੈ। ਇਸ ਸਮੇਂ ਸਤੰਬਰ ਦੇ ਮੱਧ ਵਿਚ ਪ੍ਰਤੀ ਦਿਨ 93000 ਕੇਸਾਂ ਦੇ ਮੁਕਾਬਲੇ ਰੋਜ਼ ਤਕਰੀਬਨ, 25 ਹਜ਼ਾਰ ਕੇਸ ਆ ਰਹੇ ਹਨ। ਮੇਰਾ ਮੰਨਣਾ ਹੈ ਕਿ ਸਭ ਮਾੜੀ ਸਥਿਤੀ ਵਿੱਚੋਂ ਭਾਰਤ ਨਿਕਲ ਚੁੱਕਿਆ ਹੈ ਪਰ ਭਵਿੱਖ ਵਿਚ ਕੇਸ ਆਉਣਗੇ ਪਰ ਐਨੀ ਵੱਡੀ ਗਿਣਤੀ ਵਿੱਚ ਨਹੀਂ, ਜਿਵੇਂ ਅਸੀਂ ਨਵੰਬਰ ਦੇ ਅਖੀਰ ਵਿਚ ਵੇਖੇ। ਉਨ੍ਹਾਂ ਨੂੰ ਨਹੀਂ ਲੱਗਦਾ ਕਿ ਭਾਰਤ ਵਿੱਚ ਕਰੋਨਾ ਦੀ ਕੋਈ ਦੂਜੀ ਲਹਿਰ ਪੈਦਾ ਹੋਵੇਗੀ। ਜਦੋਂ ਕਰੋਨਾ ਦੀ ਦੂਜੀ ਲਹਿਰ ਬਾਰੇ ਮਸ਼ਹੂਰ ਕਲੀਨਿਕਲ ਵਿਗਿਆਨੀ ਡਾ. ਗਗਨਦੀਪ ਕੰਗ ਨੇ ਕਿਹਾ ਕਿ ਜੇ ਲਹਿਰ ਉੱਠਦੀ ਹੈ ਤਾਂ ਉਹ ਐਨੀ ਤੇਜ਼ ਤੇ ਘਾਤਕ ਨਹੀਂ ਹੋਵੇਗੀ ਜਿੰਨੀ ਪਹਿਲੀ ਸੀ। ਇਸ ਬਾਰੇ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ, ਪਰ ਅਹਿਤਿਆਤ ਜ਼ਰੂਰ ਰੱਖੇ ਜਾਣ। ਉੱਘੇ ਕਾਰਡੀਓਲੋਜਿਸਟ ਡਾ. ਕੇ. ਅਗਰਵਾਲ ਨੇ ਕਿਹਾ ਕਿ ਭਾਰਤ ਵਿਚ ਅਜੇ ਵੀ 30-40 ਪ੍ਰਤੀਸ਼ਤ ਆਬਾਦੀ ਹੈ ਜਿਸ ਨੂੰ ਕੋਵੀਡ-19 ਨੇ ਪ੍ਰਭਾਵਿਤ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਭਾਰਤ, ਅਰਜਨਟੀਨਾ ਅਤੇ ਪੋਲੈਂਡ ਉਨ੍ਹਾਂ 15 ਦੇਸ਼ਾਂ ਵਿਚੋਂ ਤਿੰਨ ਦੇਸ਼ ਹਨ, ਜਿਨ੍ਹਾਂ ਵਿਚ ਸਭ ਤੋਂ ਵੱਧ ਕੋਵਿਡ ਮਾਮਲੇ ਹਨ ਪਰ ਇਨ੍ਹਾਂ ਦੇਸ਼ਾਂ ਵਿੱਚ ਕਰੋਨਾ ਦੀ ਦੂਜੀ ਲਹਿਰ ਉੱਠਣ ਦੇ ਸੰਕੇਤ ਨਜ਼ਰ ਨਹੀਂ ਆ ਰਹੇ। ਉਨ੍ਹਾਂ ਕਿਹਾ ਕਿ ਜੇ ਇਸ ਮਹੀਨੇ ਦੇ ਅੰਤ ਤੱਕ ਭਾਰਤ ਆਪਣਾ ਟੀਕਾਕਰਨ ਪ੍ਰੋਗਰਾਮ ਸ਼ੁਰੂ ਕਰਦਾ ਹੈ ਅਤੇ ਤਕਰੀਬਨ 30 ਕਰੋੜ ਲੋਕਾਂ ਨੂੰ ਟੀਕਾ ਲਗਵਾਉਂਦਾ ਹੈ ਤਾਂ ਸਾਨੂੰ 25 ਮਾਰਚ ਤੱਕ ਇਸ ਬਿਮਾਰੀ ਨੂੰ ਕਾਬੂ ਕਰਨ ਦੇ ਯੋਗ ਹੋਣਾ ਚਾਹੀਦਾ ਹੈ।