ਨਵੀਂ ਦਿੱਲੀ: ਲੋਕ ਸਭਾ ਅਤੇ ਰਾਜ ਸਭਾ ਸਕੱਤਰੇਤਾਂ ’ਚ ਕੰਮ ਕਰਦੇ ਕਰੀਬ 400 ਮੁਲਾਜ਼ਮ ਪਿਛਲੇ ਕੁਝ ਦਿਨਾਂ ਤੋਂ ਕੋਵਿਡ-19 ਪਾਜ਼ੇਟਿਵ ਮਿਲੇ ਹਨ। ਸੰਸਦ ’ਚ ਲਾਗ2 ਫੈਲਣ ਕਾਰਨ ਮੁਲਾਜ਼ਮਾਂ ਦੀਆਂ ਡਿਊਟੀਆਂ ’ਚ ਫੇਰ-ਬਦਲ ਕੀਤਾ ਗਿਆ ਹੈ। ਸੰਸਦ ਦਾ ਬਜਟ ਇਜਲਾਸ ਮਹੀਨੇ ਦੇ ਅਖੀਰ ’ਚ ਸ਼ੁਰੂ ਹੋਣ ਤੋਂ ਕੁਝ ਦਿਨ ਪਹਿਲਾਂ ਇੰਨੇ ਜ਼ਿਆਦਾ ਮੁਲਾਜ਼ਮ ਕਰੋਨਾ ਤੋ ਪੀੜਤ ਮਿਲੇ ਹਨ। ਸੂਤਰਾਂ ਮੁਤਾਬਕ ਰਾਜ ਸਭਾ ਸਕੱਤਰੇਤ ਦੇ 65, ਲੋਕ ਸਭਾ ਸਕੱਤਰੇਤ ਦੇ 200 ਅਤੇ ਐਲਾਈਡ ਸੇਵਾਵਾਂ ਦੇ 133 ਮੁਲਾਜ਼ਮ 4 ਤੋਂ 8 ਜਨਵਰੀ ਵਿਚਕਾਰ ਕਰਵਾਏ ਗਏ ਟੈਸਟਾਂ ਦੌਰਾਨ ਕੋਵਿਡ ਪਾਜ਼ੇਟਿਵ ਮਿਲੇ ਹਨ। ਮੁਲਾਜ਼ਮਾਂ ’ਚ ਕੇਸ ਵਧਣ ਮਗਰੋਂ ਰਾਜ ਸਭਾ ਸਕੱਤਰੇਤ ਨੇ ਅਧਿਕਾਰੀਆਂ ਅਤੇ ਅਮਲੇ ਦੀ ਹਾਜ਼ਰੀ ’ਤੇ ਕੁਝ ਰੋਕਾਂ ਲਾਈਆਂ ਹਨ। ਤਾਜ਼ਾ ਨਿਰਦੇਸ਼ਾਂ ਮੁਤਾਬਕ ਅਧੀਨ ਸਕੱਤਰ ਜਾਂ ਕਾਰਜਕਾਰੀ ਅਧਿਕਾਰੀ ਤੋਂ ਹੇਠਲੇ 50 ਫ਼ੀਸਦੀ ਅਧਿਕਾਰੀ ਅਤੇ ਅਮਲਾ ਇਸ ਮਹੀਨੇ ਦੇ ਅਖੀਰ ਤੱਕ ਘਰ ਤੋਂ ਹੀ ਕੰਮ ਕਰਨਗੇ। ਰਾਜ ਸਭਾ ਚੇਅਰਮੈਨ ਐੱਮ ਵੈਂਕਈਆ ਨਾਇਡੂ ਨੇ ਹਾਲਾਤ ਦੀ ਸਮੀਖਿਆ ਕਰਦਿਆਂ ਨਿਰਦੇਸ਼ ਦਿੱਤੇ ਹਨ ਕਿ ਬਜਟ ਇਜਲਾਸ ਤੋਂ ਪਹਿਲਾਂ ਸਕੱਤਰੇਤ ਦੇ ਅਧਿਕਾਰੀਆਂ ਅਤੇ ਅਮਲੇ ’ਚ ਲਾਗ ਫੈਲਣ ਤੋਂ ਰੋਕਣ ਦੇ ਉਪਰਾਲੇ ਕੀਤੇ ਜਾਣ। ਦਿਵਿਆਂਗ ਅਤੇ ਗਰਭਵਤੀ ਮਹਿਲਾਵਾਂ ਨੂੰ ਦਫ਼ਤਰ ’ਚ ਹਾਜ਼ਰੀ ਤੋਂ ਛੋਟ ਦਿੱਤੀ ਗਈ ਹੈ। ਸਕੱਤਰੇਤ ਦੇ ਖੁੱਲਣ ਅਤੇ ਬੰਦ ਹੋਣ ਦੇ ਸਮੇਂ ’ਚ ਵੀ ਤਬਦੀਲੀ ਕੀਤੀ ਗਈ ਹੈ ਤਾਂ ਜੋ ਭੀੜ ਭੜੱਕਾ ਨਾ ਹੋਵੇ। ਸਾਰੀਆਂ ਮੀਟਿੰਗਾਂ ਵਰਚੁਅਲੀ ਕੀਤੀਆਂ ਜਾਣਗੀਆਂ। ਸ੍ਰੀ ਨਾਇਡੂ ਨੇ ਨਿਰਦੇਸ਼ ਦਿੱਤੇ ਹਨ ਕਿ ਸਾਰੇ ਅਧਿਕਾਰੀਆਂ ਅਤੇ ਅਮਲੇ ਦੇ ਕਰੋਨਾ ਟੈਸਟ ਹੋਣੇ ਚਾਹੀਦੇ ਹਨ ਅਤੇ ਪੀੜਤਾਂ ਦੇ ਸਿਹਤਯਾਬ ਹੋਣ ’ਤੇ ਉਨ੍ਹਾਂ ਦੀ ਨਿਗਰਾਨੀ ਕੀਤੀ ਜਾਣੀ ਚਾਹੀਦੀ ਹੈ। ਇਸੇ ਤਰ੍ਹਾਂ ਲੋਕ ਸਭਾ ਸਕੱਤਰੇਤ ਵੱਲੋਂ ਜਾਰੀ ਸਰਕੁਲਰ ’ਚ ਕਿਹਾ ਗਿਆ ਹੈ ਕਿ ਅਧੀਨ ਸਕੱਤਰ ਪੱਧਰ ਤੋਂ ਹੇਠਲੇ 50 ਫ਼ੀਸਦੀ ਅਧਿਕਾਰੀ ਹੀ ਰੋਟੇਸ਼ਨ ਆਧਾਰ ’ਤੇ ਦਫ਼ਤਰ ਆਉਣਗੇ। -ਪੀਟੀਆਈ