ਹਰੀਰਾਮਪੁਰ/ਬਲੂਰਘਾਟ, 21 ਅਪਰੈਲ
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕੋਵਿਡ-19 ਦੇ ਉਭਾਰ ਲਈ ਪ੍ਰਧਾਨ ਮੰਤਰੀ ’ਤੇ ਹਮਲੇ ਤੇਜ਼ ਕਰਦਿਆਂ ਇਸ ਨੂੰ ‘ਮੋਦੀ ਵੱਲੋਂ ਪੈਦਾ ਆਫ਼ਤ’ ਕਰਾਰ ਦਿੱਤਾ ਹੈ। ਉਨ੍ਹਾਂ ਮੰਗ ਕੀਤੀ ਕਿ ਜੇਕਰ ਉਹ ਰੋਗ ਦੇ ਟਾਕਰੇ ਲਈ ਢੁੱਕਵੀਂ ਮੈਡੀਕਲ ਸਪਲਾਈ ਮੁਹੱਈਆ ਕਰਾਉਣ ਦੇ ਅਸਮਰੱਥ ਹਨ ਤਾਂ ਉਹ ਅਹੁਦਾ ਛੱਡ ਦੇਣ। ਉਨ੍ਹਾਂ ਦੋਸ਼ ਲਾਇਆ ਕਿ ਮਹਾਮਾਰੀ ਨਾਲ ਨਜਿੱਠਣ ਲਈ ਦੇਸ਼ ’ਚ ਬਣ ਰਹੀ 65 ਫ਼ੀਸਦੀ ਦਵਾਈ ਪਹਿਲਾਂ ਹੀ ਬਰਾਮਦ ਕਰ ਦਿੱਤੀ ਗਈ ਹੈ। ਵੱਖ ਵੱਖ ਥਾਵਾਂ ’ਤੇ ਚੋਣ ਰੈਲੀਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀ ਅਣਗਹਿਲੀ ਅਤੇ ਇਤਿਹਾਸਕ ਨਾਕਾਮੀ ਕਾਰਨ ਲੋਕਾਂ ਨੂੰ ਕਰੋਨਾ ਦੀ ਦੂਜੀ ਲਹਿਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਸੂਬੇ ’ਚ ਵੱਧ ਰਹੇ ਕਰੋਨਾ ਕੇਸਾਂ ਨਾਲ ਨਜਿੱਠਣ ਲਈ ਮੁੱਖ ਮੰਤਰੀ ਵਜੋਂ ਆਪਣਾ ਫਰਜ਼ ਨਿਭਾਉਣ ਦੇ ਨਾਲ ਨਾਲ ਤ੍ਰਿਣਮੂਲ ਕਾਂਗਰਸ ਲਈ ਵੀ ਪ੍ਰਚਾਰ ਕਰਨਾ ਪੈ ਰਿਹਾ ਹੈ। ‘ਮੋਦੀ ਬਾਬੂ ਨੂੰ ਇਸ ਦੀ ਜ਼ਿੰਮੇਵਾਰੀ ਲੈਣੀ ਪਵੇਗੀ ਕਿ ਕੋਵਿਡ-19 ਦੇ ਇਲਾਜ ਲਈ ਬਾਜ਼ਾਰ ’ਚ ਦਵਾਈਆਂ ਕਿਉਂ ਨਹੀਂ ਮਿਲ ਰਹੀਆਂ ਹਨ। ਜਾਂ ਤਾਂ ਤੁਸੀਂ ਕਰੋਨਾ ’ਤੇ ਕਾਬੂ ਪਾਓ ਜਾਂ ਕੁਰਸੀ ਤੋਂ ਲਾਂਭੇ ਹੋ ਜਾਵੋ।’ ਤ੍ਰਿਣਮੂਲ ਕਾਂਗਰਸ ਮੁਖੀ ਨੇ ਦਾਅਵਾ ਕੀਤਾ ਕਿ ਭਾਜਪਾ ਬੰਗਾਲ ਦੀ ਰੀੜ੍ਹ ਦੀ ਹੱਡੀ ਤੋੜਨ ਦੀ ਕੋਸ਼ਿਸ਼ ਕਰ ਰਹੀ ਹੈ ਪਰ ਉਨ੍ਹਾਂ ਦੀ ਪਾਰਟੀ ਨੇ ਭਾਜਪਾ ਦੀ ਰੀੜ੍ਹ ਦੀ ਹੱਡੀ ਤੋੜਨ ਦਾ ਅਹਿਦ ਲਿਆ ਹੈ। ਉਨ੍ਹਾਂ ਕਿਹਾ ਕਿ ਮੋਦੀ ਨਾਲ ਲੜਨ ’ਚ ਉਸ ਤੋਂ ਇਲਾਵਾ ਕਿਸੇ ਹੋਰ ਆਗੂ ’ਚ ਹਿੰਮਤ ਨਹੀਂ ਹੈ। ‘ਬੰਗਾਲ ਰੌਇਲ ਬੰਗਾਲ ਟਾਈਗਰ ਦੀ ਧਰਤੀ ਹੈ ਅਤੇ ਅਸੀਂ ਸ਼ੇਰ ਵਾਂਗ ਹੀ ਲੜਾਂਗੇ।’ ਮਮਤਾ ਨੇ ਲੋਕਾਂ ਨੂੰ ਬੇਨਤੀ ਕੀਤੀ ਕਿ ਉਹ ਵੋਟਾਂ ਵੰਡਣ ਦੀ ਇਜਾਜ਼ਤ ਨਾ ਦੇਣ। ਉਨ੍ਹਾਂ ਕਿਹਾ ਕਿ ਜੇਕਰ ਤ੍ਰਿਣਮੂਲ ਕਾਂਗਰਸ ਤੀਜੀ ਵਾਰ ਸੱਤਾ ’ਚ ਆਈ ਤਾਂ ਤ੍ਰਿਣਮੂਲ ਕਾਂਗਰਸ ਸਰਕਾਰ ਉਚੇਰੀ ਸਿੱਖਿਆ ਲਈ 10 ਲੱਖ ਰੁਪਏ ਤੱਕ ਦੇ ਕਰਜ਼ਿਆਂ ਦਾ ਪ੍ਰਬੰਧ ਕਰੇਗੀ। -ਪੀਟੀਆਈ