ਨਵੀਂ ਦਿੱਲੀ, 25 ਜੂਨ
ਭਾਰਤ ਦੇ ਰੱਖਿਆ ਮੰਤਰਾਲੇ ਨੇ ਅੱਜ ਸਪਸ਼ਟ ਕੀਤਾ ਹੈ ਕਿ ਭਾਰਤ ਨੇ ਅਮਰੀਕਾ ਤੋਂ 31 ਐਮਕਿਊ-9 ਬੀ ਲੰਬੀ ਦੂਰੀ ਵਾਲੇ ਡਰੋਨਾਂ ਦੀ ਖਰੀਦ ਦੀ ਲਾਗਤ ਅਤੇ ਸ਼ਰਤਾਂ ਤੈਅ ਨਹੀਂ ਕੀਤੀਆਂ। ਉਨ੍ਹਾਂ ਕਿਹਾ ਕਿ ਭਾਰਤ-ਅਮਰੀਕਾ ਦਰਮਿਆਨ ਡਰੋਨ ਸੌਦੇ ਦੀਆਂ ਕੀਮਤਾਂ ਬਾਰੇ ਸੋਸ਼ਲ ਮੀਡੀਆ ‘ਤੇ ਜਾਰੀ ਹੋਈਆਂ ਰਿਪੋਰਟਾਂ ਸਹੀ ਨਹੀਂ ਹਨ ਕਿਉਂਕਿ ਇਸ ਸੌਦੇ ਦੀ ਕੀਮਤ ਤੇ ਸ਼ਰਤਾਂ ਨੂੰ ਹਾਲੇ ਅੰਤਿਮ ਰੂਪ ਦੇਣਾ ਹੈ। ਉਨ੍ਹਾਂ ਕਿਹਾ ਕਿ ਭਾਰਤ ਇਹ ਸੌਦਾ ਤੈਅ ਕਰਨ ਤੋਂ ਪਹਿਲਾਂ ਦੂਜੇ ਦੇਸ਼ਾਂ ਵਲੋਂ ਦਿੱਤੀਆਂ ਗਈਆਂ ਕੀਮਤਾਂ ਦਾ ਵੀ ਮੁਲਾਂਕਣ ਕਰੇਗਾ। ਰੱਖਿਆ ਮੰਤਰਾਲੇ ਨੇ ਇਸ ਸਬੰਧੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਰਿਪੋਰਟਾਂ ਨੂੰ ਰੱਦ ਕੀਤਾ। ਦੱਸਣਾ ਬਣਦਾ ਹੈ ਕਿ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਅਗਵਾਈ ਵਾਲੇ ਡੀਏਸੀ ਨੇ 15 ਜੂਨ ਨੂੰ ਅਮਰੀਕਾ ਤੋਂ 31 ਐਮਕਿਊ-9ਬੀ ਡਰੋਨਾਂ ਦੀ ਸਪਲਾਈ ਲਈ ਮਨਜ਼ੂਰੀ ਦਿੱਤੀ ਸੀ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਾਸ਼ਿੰਗਟਨ ਦੌਰੇ ਦੌਰਾਨ ਭਾਰਤ ਅਤੇ ਅਮਰੀਕਾ ਨੇ ਡਰੋਨ ਸੌਦੇ ਨੂੰ ਪੱਕਾ ਕੀਤਾ। ਰੱਖਿਆ ਮੰਤਰਾਲੇ ਨੇ ਇਹ ਵੀ ਕਿਹਾ ਕਿ ਸੋਸ਼ਲ ਮੀਡੀਆ ‘ਤੇ ਵਾਇਰਲ ਰਿਪੋਰਟਾਂ ਫਰਜ਼ੀ ਹਨ ਜਿਨ੍ਹਾਂ ਦਾ ਮੰਤਵ ਸੌਦੇ ਨੂੰ ਸਿਰੇ ਚੜ੍ਹਨ ਤੋਂ ਰੋਕਣਾ ਹੈ। -ਪੀਟੀਆਈ