ਨਵੀਂ ਦਿੱਲੀ, 6 ਜੁਲਾਈ
ਨੀਟ-ਯੂਜੀ ਲਈ ਸੰਭਾਵਿਤ ਕਾਊਂਸਲਿੰਗ ਅੱਜ ਤੋਂ ਸ਼ੁਰੂ ਨਾ ਹੋ ਸਕੀ। ਮੈਡੀਕਲ ਕਾਊਂਸਲਿੰਗ ਕਮਿਸ਼ਨ (ਐੱਮਸੀਸੀ) ਨੇ ਕਾਊਂਸਲਿੰਗ ਲਈ ਕੋਈ ਨਵੀਂ ਤਰੀਕ ਜਾਰੀ ਨਹੀਂ ਕੀਤੀ ਹੈ। ਨੀਟ-ਯੂਜੀ ਆਲ ਇੰਡੀਆ ਕੋਟਾ ਲਈ ਅੱਜ ਤੋਂ ਕਾਊਂਸਲਿੰਗ ਸ਼ੁਰੂ ਹੋਣੀ ਸੀ ਪਰ ਇਸ ਨੂੰ ਰੋਕੇ ਜਾਣ ਦਾ ਕੋਈ ਕਾਰਨ ਨਹੀਂ ਦੱਸਿਆ ਗਿਆ ਹੈ। ਉਂਜ ਸਰਕਾਰੀ ਸੂਤਰਾਂ ਨੇ ਕਿਹਾ ਕਿ ਕਾਊਂਸਲਿੰਗ ਇਸ ਮਹੀਨੇ ਦੇ ਅਖੀਰ ’ਚ ਸ਼ੁਰੂ ਹੋਣ ਦੀ ਸੰਭਾਵਨਾ ਹੈ। ਸੁਪਰੀਮ ਕੋਰਟ ਨੇ ਪਿਛਲੇ ਮਹੀਨੇ ਕਾਊਂਸਲਿੰਗ ਅਮਲ ਦੋ ਦਿਨਾਂ ਲਈ ਅੱਗੇ ਪਾਉਣ ਦੀ ਮੰਗ ਨੂੰ ਨਕਾਰ ਦਿੱਤਾ ਸੀ। ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਨੇ ਨੀਟ ਪ੍ਰੀਖਿਆ ’ਚ ਕਥਿਤ ਗੜਬੜੀਆਂ ਦੇ ਮਾਮਲੇ ’ਚ ਅੱਠ ਜੁਲਾਈ ਨੂੰ ਸੁਣਵਾਈ ਕਰਨੀ ਹੈ। ਕਾਊਂਸਲਿੰਗ ਸੈਸ਼ਨ ਜੁਲਾਈ ਦੇ ਪਹਿਲੇ ਹਫ਼ਤੇ ’ਚ ਸ਼ੁਰੂ ਹੋਣ ਦੀ ਸੰਭਾਵਨਾ ਸੀ ਪਰ ਅਧਿਕਾਰੀਆਂ ਨੇ ਇਸ ਬਾਰੇ ਕੋਈ ਤਰੀਕ ਜਾਂ ਸਮਾਂ-ਸਾਰਨੀ ਅਧਿਸੂਚਿਤ ਨਹੀਂ ਕੀਤੀ ਸੀ। ਸੂਤਰਾਂ ਨੇ ਕਿਹਾ ਕਿ ਕੁਝ ਮੈਡੀਕਲ ਕਾਲਜਾਂ ਨੂੰ ਮਨਜ਼ੂਰੀ ਪੱਤਰ ਜਾਰੀ ਕਰਨ ਦਾ ਅਮਲ ਅਜੇ ਚੱਲ ਰਿਹਾ ਹੈ ਅਤੇ ਹੋਰ ਵਾਧੂ ਸੀਟਾਂ ਜੋੜੀਆਂ ਜਾ ਸਕਦੀਆਂ ਹਨ। ਸੂਤਰਾਂ ਨੇ ਕਿਹਾ,‘‘ਨਵੇਂ ਕਾਲਜਾਂ ’ਚ ਸੀਟਾਂ ’ਤੇ ਪਹਿਲੇ ਗੇੜ ਦੌਰਾਨ ਹੀ ਕਾਊਂਸਲਿੰਗ ਦਾ ਅਮਲ ਸ਼ੁਰੂ ਕਰਨਾ ਯਕੀਨੀ ਬਣਾਉਣ ਮਗਰੋਂ ਕਾਊਂਸਲਿੰਗ ਦੀ ਤਰੀਕ ਦਾ ਐਲਾਨ ਕਰ ਦਿੱਤਾ ਜਾਵੇਗਾ। ਕਾਊਂਸਲਿੰਗ ਦਾ ਅਮਲ ਇਸ ਮਹੀਨੇ ਦੇ ਅਖੀਰ ਤੱਕ ਸ਼ੁਰੂ ਹੋ ਸਕਦਾ ਹੈ।’’ ਉਧਰ ਨੀਟ-ਯੂਜੀ, 2024 ’ਚ ਕਥਿਤ ਗੜਬੜੀਆਂ ਕਾਰਨ ਪ੍ਰੀਖਿਆ ਰੱਦ ਕਰਨ ਦੀ ਕੀਤੀ ਜਾ ਰਹੀ ਮੰਗ ਦਰਮਿਆਨ ਕੇਂਦਰ ਅਤੇ ਨੈਸ਼ਨਲ ਟੈਸਟਿੰਗ ਏਜੰਸੀ ਨੇ ਸ਼ੁੱਕਰਵਾਰ ਨੂੰ ਸੁਪਰੀਮ ਕੋਰਟ ’ਚ ਇਸ ਦਾ ਵਿਰੋਧ ਕਰਦਿਆਂ ਕਿਹਾ ਕਿ ਫ਼ੈਸਲੇ ਨਾਲ ਲੱਖਾਂ ਇਮਾਨਦਾਰ ਵਿਦਿਆਰਥੀਆਂ ’ਤੇ ਅਸਰ ਪੈ ਸਕਦਾ ਹੈ। -ਪੀਟੀਆਈ